ਕਾਗਜ਼ ਦੀ ਬੱਚਤ ਲਈ ਸੇਵਾ ਕੇਂਦਰਾਂ ’ਚ ਡਿਜੀਟਲ ਰਸੀਦਾਂ ਜਾਰੀ ਕਰਨ ਦੀ ਸ਼ੁਰੂਆਤ
ਬਿਨੈਕਾਰਾਂ ਨੂੰ ਅਦਾ ਕੀਤੀ ਫੀਸ ਦੀ ਰਸੀਦ ਐਸ.ਐਮ.ਐਸ. ਰਾਹੀਂ ਆਪਣੇ ਮੋਬਾਇਲ ’ਤੇ ਮਿਲੇਗੀ: ਅਮਿਤ ਮਹਾਜਨ
ਸੇਵਾ ਕੇਂਦਰਾਂ ’ਚ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਸ ਸਮੇਤ ਤਿੰਨ ਨਵੀਆਂ ਸੇਵਾਵਾਂ ਵੀ ਸ਼ੁਰੂ
ਜਲੰਧਰ, 18 ਮਈ : ਲੋਕਾਂ ਨੂੰ ਨਿਰਵਿਘਨ ਅਤੇ ਸਮਾਂਬੱਧ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਮੁੱਚੇ ਸੇਵਾ ਕੇਂਦਰਾਂ ਵਿੱਚ ਕਾਗਜ਼ ਰਹਿਤ ਰਸੀਦ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸਾਰੇ ਬਿਨੈਕਾਰਾਂ ਨੂੰ ਆਪਣੇ ਮੋਬਾਇਲ ‘ਤੇ ਐਸ.ਐਮ.ਐਸ ਰਾਹੀਂ ਡਿਜੀਟਲ ਰਸੀਦਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਬਿਨੈਕਾਰਾਂ ਨੂੰ ਆਪਣੇ ਨਾਲ ਕਾਗਜ਼ੀ ਰਸੀਦ ਨਹੀਂ ਰੱਖਣੀ ਪਵੇਗੀ ਕਿਉਂਕਿ ਉਹ ਸੇਵਾ ਕੇਂਦਰਾਂ ‘ਤੇ ਐਸ.ਐਮ.ਐਸ. ਦਿਖਾ ਕੇ ਹੀ ਤਿਆਰ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਉਪਭੋਗਤਾ ਦੇ ਨਾਗਰਿਕ ਸੇਵਾਵਾਂ ਸੁਚਾਰੂ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਪ੍ਰਾਪਤ ਕਰਨ ਤਜ਼ੁਰਬੇ ਨੂੰ ਹੋਰ ਵਧੀਆ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਰਸੀਦਾਂ ਦੀ ਛਪਾਈ ਲਈ ਵਰਤੇ ਜਾਂਦੇ ਕਾਗਜ਼ਾਂ ਦੀ ਬੱਚਤ ਹੋਵਗੀ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ‘ਚ ਕੰਮ ਕਰਦੇ ਸਮੂਹ ਕਰਮਚਾਰੀਆਂ ਨੂੰ ਅਦਾ ਕੀਤੀਆਂ ਜਾਂਦੀਆਂ ਫੀਸਾਂ ਲਈ ਕਾਗਜ਼ ਰਹਿਤ ਰਸੀਦ ਪ੍ਰਣਾਲੀ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਬਿਨੈਕਾਰ ਨੂੰ ਕਾਗਜ਼ੀ ਰਸੀਦ ਦੀ ਲੋੜ ਹੈ, ਤਾਂ ਉਹ ਇਸ ਦੇ ਲਈ ਸਰਵਿਸ ਆਪ੍ਰੇਟਰ ਨੂੰ ਬੇਨਤੀ ਕਰ ਸਕਦਾ ਹੈ ਅਤੇ ਇਹ ਲੋੜਵੰਦ ਬਿਨੈਕਾਰਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਸ ਵਾਤਾਵਰਣ ਪੱਖੀ ਪਹਿਲਕਦਮੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਾਗਜ਼ ਰਹਿਤ ਰਸੀਦ ਪ੍ਰਣਾਲੀ ਨੂੰ ਅਪਣਾਉਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਜਲੰਧਰ ਵਿੱਚ ਸੇਵਾ ਕੇਂਦਰਾਂ ’ਚ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਬਿਨੈਕਾਰ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਸ, ਆਧਾਰ-ਪੈਨ ਲਿੰਕਿੰਗ ਅਤੇ ਜਨਰਲ ਟਾਈਪਿੰਗ ਲਈ ਕ੍ਰਮਵਾਰ 30, 50 ਅਤੇ 30 ਰੁਪਏ ਮਾਮੂਲੀ ਫੀਸ ਭਰ ਕੇ ਬਿਨੈ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਨਵੀਆਂ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਖੇ ਸੰਪਰਕ ਕਰਨ ਦੀ ਅਪੀਲ ਕੀਤੀ।