ਮੱਧ ਪ੍ਰਦੇਸ਼ ਦੇ ਸਾਗਰ ‘ਚ 100 ਕਰੋੜ ਦੀ ਲਾਗਤ ਨਾਲ ਬਣ ਰਿਹੈ ਸ਼੍ਰੀ ਗੁਰੂ ਰਵਿਦਾਸ ਧਾਮ : ਰਾਜੇਸ਼ ਬਾਘਾ
* ਪ੍ਰਧਾਨ ਮੰਤਰੀ ਮੋਦੀ ਨੇ ਭੂਮੀ ਪੂਜਨ ਕਰਕੇ ਰੱਖਿਆ ਨੀਂਹ ਪੱਥਰ ਰੱਖਿਆ
* 11.29 ਏਕੜ ਦੀ ਵਿਸ਼ਾਲ ਜਗ੍ਹਾ ’ਤੇ ਹੋਵੇਗੀ ਅਲੌਕਿਕ ਸਮਾਰਕ ਦੀ ਉਸਾਰੀ
ਚੰਡੀਗੜ : 13 ਅਗਸਤ (ਸੁਨੀਲ ਕੁਮਾਰ) ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਮੱਧ ਪ੍ਰਦੇਸ਼ ਦੇ ਬਡਤੂਮਾ (ਸਾਗਰ) ਵਿਖੇ 100 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਸ਼੍ਰੀ ਗੁਰੂ ਰਵਿਦਾਸ ਮੰਦਰ ਅਤੇ ਮਹਾਨ ਯਾਦਗਾਰੀ ਕਲਾ ਅਜਾਇਬ ਘਰ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਇਤਿਹਾਸਕ ਸਮਾਰਕ ਦੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਾਪਸ ਪਰਤੇ ਰਾਜੇਸ਼ ਬਾਘਾ ਨੇ ਦੱਸਿਆ ਕਿ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭੂਮੀ ਪੂਜਨ ਕਰਵਾਇਆ ਅਤੇ ਨੀਂਹ ਪੱਥਰ ਰੱਖਿਆ ਹੈ। ਜਿਸ ਲਈ ਮੱਧ ਪ੍ਰਦੇਸ਼ ਦੇ 53 ਹਜ਼ਾਰ ਪਿੰਡਾਂ ਤੋਂ ਮਿੱਟੀ ਅਤੇ 350 ਦਰਿਆਵਾਂ ਦਾ ਪਵਿੱਤਰ ਜਲ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ 11.29 ਏਕੜ ਦੇ ਵਿਸ਼ਾਲ ਪਲਾਟ ’ਤੇ ਬਣਨ ਵਾਲੇ ਇਸ ਵਿਸ਼ਾਲ ਅਤੇ ਅਲੌਕਿਕ ਮੰਦਰ ਦੀਆਂ ਕੰਧਾਂ ’ਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਦੋਹੇ ਉਕੇਰੇ ਜਾਣਗੇ। ਮੰਦਿਰ ਪਰਿਸਰ ਵਿੱਚ ਚਾਰ ਗੈਲਰੀਆਂ ਬਣਾਈਆਂ ਜਾਣਗੀਆਂ। ਪਹਿਲੀ ਗੈਲਰੀ ਵਿੱਚ ਗੁਰੂ ਸਾਹਿਬ ਦੇ ਜੀਵਨ ਫਲਸਫੇ ਨੂੰ ਦਰਸਾਇਆ ਜਾਵੇਗਾ, ਦੂਜੀ ਗੈਲਰੀ ਵਿੱਚ ਨਿਰਗੁਣ ਪੰਥ ਪ੍ਰਤੀ ਸ਼ਰਧਾ ਅਤੇ ਯੋਗਦਾਨ ਦਾ ਮਾਰਗ ਦਰਸਾਇਆ ਜਾਵੇਗਾ। ਤੀਜੀ ਗੈਲਰੀ ਵਿੱਚ ਗੁਰੂ ਸਾਹਿਬ ਦੇ ਫਲਸਫੇ ਦੇ ਪ੍ਰਭਾਵ ਅਤੇ ਪੱਥ ਬਾਰੇ ਜਾਣਕਾਰੀ ਮਿਲੇਗੀ। ਜਦਕਿ ਚੌਥੀ ਗੈਲਰੀ ਵਿੱਚ ਸੰਗਤ ਹਾਲ, ਗੁਰੂ ਸਾਹਿਬ ਦੇ ਕਾਵਿ-ਸਾਹਿਤ ਲਾਇਬ੍ਰੇਰੀ ਅਤੇ ਸਾਹਿਤ ਦਾ ਸੰਗ੍ਰਹਿ ਹੋਵੇਗਾ। ਮੰਦਰ ਦੇ ਨੇੜੇ ਜਲ-ਕੁੰਡ ਅਤੇ 12 ਹਜ਼ਾਰ ਵਰਗ ਫੁੱਟ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਰਿਹਾਇਸ਼ੀ ਸਹੂਲਤ ਹੋਵੇਗੀ, ਜਿਸ ਵਿੱਚ ਸਾਰੀਆਂ ਸਹੂਲਤਾਂ ਵਾਲੇ ਪੰਦਰਾਂ ਕਮਰੇ ਬਣਾਏ ਜਾਣਗੇ। ਰਾਜੇਸ਼ ਬਾਘਾ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਨਰਿੰਦਰ ਮੋਦੀ ਸਰਕਾਰ ਅਤੇ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨੇ ਗੁਰੂ ਰਵਿਦਾਸ ਮਹਾਰਾਜ ਅਤੇ ਦੁਨੀਆ ਭਰ ‘ਚ ਵੱਸਦੀ ਰਵਿਦਾਸੀਆਂ ਕੌਮ ਦੇ ਕਰੋੜਾਂ ਲੋਕਾਂ ਨੂੰ ਜੋ ਸਤਿਕਾਰ ਦਿੱਤਾ ਹੈ, ਉਸ ਲਈ ਸਮੁੱਚੀ ਕੌਮ ਦੀ ਤਰਫੋਂ ਉਹ ਮੋਦੀ ਸਰਕਾਰ ਦੇ ਧੰਨਵਾਦੀ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸ਼ਹਿਰੀ ਪ੍ਰਸ਼ਾਸਨ ਤੇ ਮਕਾਨ ਉਸਾਰੀ ਮੰਤਰੀ ਭੁਪਿੰਦਰ ਸਿੰਘ ਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰ ਦੇ ਕਈ ਮੰਤਰੀਆਂ ਸਮੇਤ ਭੁਪਿੰਦਰ ਕੁਮਾਰ ਪਾਲ, ਪ੍ਰੇਮ ਪਾਲ ਗੌੜ ਡੋਮੇਲੀ, ਜਸਵੀਰ ਸਿੰਘ ਮਹਿਤਾ, ਅਜੇ ਕੁਮਾਰ, ਰਾਮ ਨਿਰੰਜਨ ਆਦਿ ਵੀ ਇਸ ਅਲੌਕਿਕ ਭੂਮੀ ਪੂਜਨ ਸਮਾਗਮ ਦੇ ਗਵਾਹ ਸਨ।
ਤਸਵੀਰ ਸਮੇਤ।