ਸਿਹਤ ਵਿਭਾਗ ਦਿਸ਼ਾ ਨਿਰਦੇਸ਼ਾ ਹੇਠ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ ਸ਼ੁਰੂ

ਸਿਹਤ ਵਿਭਾਗ ਦਿਸ਼ਾ ਨਿਰਦੇਸ਼ਾ ਹੇਠ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ ਸ਼ੁਰੂ

 

ਕਿਸ਼ਨਗੜ,26ਅਗਸਤ (ਸੁਨੀਲ ਕੁਮਾਰ)ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਕਾਲਾ ਬੱਕਰਾ ਡਾ. ਰਿਚਰਡ ਓਹਰੀ ਦੀ ਅਗਵਾਈ ਹੇਠ ਆਦਮਪੁਰ ਬਲਾਕ ਵਿੱਚ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ ਅਰੰਭ ਕੀਤਾ ਗਿਆ। 25 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੇ ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਵੱਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਅਤੇ ਕੰਜਕਵਾਈਟਸ ਆਈ ਫਲੂ ਤੋਂ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਐਸ.ਐਮ.ਓ ਡਾ.ਓਹਰੀ ਨੇ ਦੱਸਿਆ ਕਿ ਸਰੀਰ ਦੇ ਕਈ ਅਜਿਹੇ ਅੰਗ ਹਨ ਜੋ ਸਾਡੀ ਮੌਤ ਤੋਂ ਬਾਅਦ ਦੂਜਿਆਂ ਦੇ ਕੰਮ ਆ ਸਕਦੇ ਹਨ। ਅੱਖ ਵੀ ਇੱਕ ਅਜਿਹਾ ਅੰਗ ਹੈ, ਜਿਸ ਨੂੰ ਦਾਨ ਕਰਕੇ ਅਸੀਂ ਦੂਸਰਿਆਂ ਦੀ ਹਨੇਰ ਜ਼ਿੰਦਗੀ ਵਿੱਚ ਮੁੜ ਰੋਸ਼ਨੀ ਲਿਆ ਸਕਦੇ ਹਾਂ। ਦੇਸ਼ ਵਿੱਚ ਅੱਖਾਂ ਦੇ ਲਗਭਗ 30 ਲੱਖ ਮਰੀਜ਼ ਹਨ ਜਿਨ੍ਹਾਂ ਨੂੰ ਕੋਰਨੀਆ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ। ਜਦੋਂ ਕਿ ਹਰ ਸਾਲ ਮਰਨ ਵਾਲੇ 80 ਲੱਖ ਵਿੱਚੋਂ ਸਿਰਫ਼ 15 ਹਜ਼ਾਰ ਲੋਕਾਂ ਦੀਆਂ ਅੱਖਾਂ ਹੀ ਦਾਨ ਹੋ ਪਾਉਂਦੀਆਂ ਹਨ। ਇੱਕ ਵਿਅਕਤੀ ਦੀਆਂ ਦੋ ਅੱਖਾਂ ਤੋਂ ਦੋ ਮਰੀਜ਼ ਰੋਸ਼ਨੀ ਪ੍ਰਾਪਤ ਕਰ ਸਕਦੇ ਹਨ। ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਵਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀਆਂ ਅੱਖਾਂ ਕਿਸੇ ਹੋਰ ਵਿਅਕਤੀ ਨੂੰ ਟਰਾਂਸਪਲਾਂਟ ਕੀਤੀਆਂ ਜਾ ਸਕਦੀਆਂ ਹਨ। ਸਿਰਫ਼ ਏਡਜ਼, ਹੈਪੇਟਾਈਟਸ, ਰੇਬੀਜ਼ ਅਤੇ ਸਿਫਿਲਿਸ ਰੋਗ ਤੋਂ ਪੀੜਤ ਲੋਕ ਹੀ ਅੱਖਾਂ ਦਾਨ ਨਹੀਂ ਕਰ ਸਕਦੇ।
ਬੀਈਈ ਨੀਤੀਰਾਜ ਬੀ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਈ ਫਲੂ ਤੋਂ ਬਚਾਅ ਲਈ ਲਗਾਤਾਰ ਜਾਗਰੂਕਤਾ ਕੀਤੀ ਜਾ ਰਹੀ ਹੈ। ਆਈ ਫਲੂ ਤੋਂ ਬਚਾਅ ਲਈ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਵੋ/ਸੈਨੇਟਾਈਜ਼ਰ ਦੀ ਵਰਤੋਂ ਕਰੋ। ਅੱਖਾਂ ਨੂੰ ਵਾਰ-ਵਾਰ ਨਾ ਛੂਹੋ ਅਤੇ ਕਾਲੀਆਂ ਐਨਕਾਂ ਲਗਾ ਕੇ ਰੱਖੋ। ਅੱਖਾਂ ਨੂੰ ਸਾਫ ਪਾਣੀ ਨਾਲ ਧੋਵੋ। ਪ੍ਰਭਾਵਿਤ ਵਿਅਕਤੀ ਦੇ ਤੌਲੀਏ/ਰੁਮਾਲ/ਬਿਸਤਰੇ ਆਦਿ ਦੀ ਵਰਤੋਂ ਕਰਨ ਤੋਂ ਬਚੋ। ਭੀੜ ਵਾਲੀਆਂ ਥਾਂਵਾ ਅਤੇ ਤੈਰਾਕੀ ਤੋਂ ਬਚੋ। ਜੇਕਰ ਅੱਖਾਂ ‘ਚ ਲਾਲੀ ਹੋਵੇ, ਅੱਖਾਂ ਦੀ ਸੋਜ, ਖੁਜਲੀ, ਜਲਣ ਜਾਂ ਰੜਕ ਹੋਵੇ, ਤਾਂ ਡਾਕਟਰ ਤੋਂ ਚੈਕਅਪ ਕਰਵਾਓ ਅਤੇ ਪਰਹੇਜ਼ ਅਪਣਾਓ।

Leave a Reply

Your email address will not be published. Required fields are marked *