*ਪ੍ਰਧਾਨ ਮੰਤਰੀ ਦਫ਼ਤਰ ਦਰਬਾਰ ਸਾਹਿਬ ਦੇ ਮਾਡਲ ਨੂੰ ਬੋਲੀ ਵਾਲੀ ਸੂਚੀ ਵਿੱਚੋਂ ਬਾਹਰ ਕੱਢੇ -ਫੈਡਰੇਸ਼ਨ*
*ਦਰਬਾਰ ਸਾਹਿਬ ਦੇ ਮਾਡਲ ਨੂੰ ਬੋਲੀ ਤੇ ਲਾਉਣਾ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਦੇ ਬਰਾਬਰ- ਪੀਰਮੁਹੰਮਦ , ਢੀਂਗਰਾ*
(ਬਿਊਰੋ)ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਤੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉਸ ਮਾਡਲ ਨੂੰ ਜੋ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਸਮੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨ ਚਿੰਨ੍ਹ ਵਜੋ ਬਖਸਿਸ਼ ਕੀਤਾ ਸੀ ਦੀ ਸਰਕਾਰੀ ਬੋਲੀ ਲਗਾਉਣ ਦਾ ਫੈਸਲਾ ਵਾਪਿਸ ਲਿਆ ਜਾਵੇ ਤੇ ਬੋਲੀ ਵਾਲੀ ਸੂਚੀ ਵਿੱਚੋਂ ਇਸ ਨੂੰ ਬਾਹਰ ਕੱਢਿਆ ਜਾਵੇ ।
ਇਸ ਮੋਕੇ ਪੀਰਮੁਹੰਮਦ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਦਿੱਤੇ ਤੋਹਫੇ ਦੀ ਬੇਕਦਰੀ ਨਹੀ ਸੀ ਕਰਨੀ ਚਾਹੀਦੀ ਜੋ ਕਿ ਸਿੱਖ ਕੌਮ ਦਾ ਸਭ ਤੋਂ ਪਵਿੱਤਰ ਸਥਾਨ ਹੈ ਜਿਸ ਦੇ ਮਾਡਲ ਨੂੰ ਬੋਲੀ ਤੇ ਲਾਉਣ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ ਜੋ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਬਰਾਬਰ ਦੀ ਗੱਲ ਹੈ ।
ਇਸ ਮੋਕੇ ਫੈਡਰੇਸ਼ਨ ਪ੍ਰਧਾਨ ਐਡਵੋਕੇਟ ਢੀਂਗਰਾ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਮਾਡਲ ਦੀ ਬੋਲੀ ਅੱਜ ਦੇ ਸਮੇਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਲਗਾਉਣ ਦੇ ਬਰਾਬਰ ਹੈ ਜੋ ਕਿ ਕਿਸੇ ਸਮੇਂ ਜ਼ਕਰੀਆ ਖਾਂ ਵੱਲੋਂ ਅਜਿਹਾ ਕੀਤਾ ਗਿਆ ਸੀ ।ਜਦਕਿ ਇਹ ਸਨਮਾਨਜਨਕ ਮਾਡਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਅਤੇ ਅਸ਼ੀਰਵਾਦ ਦੇ ਪਵਿੱਤਰ ਚਿੰਨ੍ਹ ਵਜੋਂ ਭੇਂਟ ਕੀਤਾ ਗਿਆ ਸੀ ਅਤੇ ਇਸ ਨੂੰ ਨੀਲਾਮ ਕਰਨਾ ਇਸ ਦਾ ਘੋਰ ਨਿਰਾਦਰ ਹੋਏਗਾ ਤੇ ਇਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ।
ਸਾਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਹੈ ਕਿ ਇਸ ਨੀਲਾਮੀ ਨੂੰ ਤੁਰੰਤ ਰੋਕਿਆ ਜਾਵੇ। ਜੇਕਰ ਸਰਕਾਰ ਆਪਣੇ ਆਪ ਨੂੰ ਇਸ ਪਾਵਨ ਅਤੇ ਅਣਮੁੱਲੀ ਬਖ਼ਸ਼ਿਸ਼ ਨੂੰ ਸੰਭਾਲਣ ਤੋਂ ਅਸਮਰੱਥ ਮਹਿਸੂਸ ਕਰਦੀ ਹੈ ਤਾਂ ਸਾਡੀ ਬੇਨਤੀ ਹੈ ਕਿ ਇਸ ਪਵਿੱਤਰ ਚਿੰਨ੍ਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਿਸ ਸੌਂਪਣ ਦੀ ਕਿਰਪਾਲਤਾ ਕੀਤੀ ਜਾਵੇ। ਇਸ ਮੋਕੇ ਆਗੂਆਂ ਵੱਲੋਂ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੇ ਸਨਮਾਨ ਚਿੰਨ੍ਹ ਰਾਜਸੀ ਸਖਸੀਅਤਾ ਨੂੰ ਦੇਣ ਵਾਲੇ ਫੈਸਲੇ ਤੇ ਮੁੜ ਵਿਚਾਰ ਕਰੇ ।