ਜਲੰਧਰ ‘ਚ ਨੌਜਵਾਨ ਨੂੰ ਸ਼ਰੇਆਮ ਕੁੱਟਮਾਰ ਕਰ ਕੀਤਾ ਅਗਵਾ ਫੈਲੀ ਸਨਸਨੀ
ਜਲੰਧਰ2ਨਵੰਬਰ: (ਅਰਸ਼ਦੀਪ)ਜਲੰਧਰ ਦੇ ਮਾਡਲ ਟਾਊਨ ਨੇੜੇ ਮਿੱਠਾਪੁਰ ਰੋਡ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨਾਂ ਨੇ ਬਰਗਰ ਵਿਕਰੇਤਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਅਤੇ ਲੋਕਾਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਪਛਾਣ ਪ੍ਰਕਾਸ਼ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਕਾਸ਼ ਦੀ ਮਾਤਾ ਨੇ ਦੱਸਿਆ ਕਿ ਉਹ ਕਿਤੇ ਗਈ ਹੋਈ ਸੀ ਅਤੇ ਜਦੋਂ ਵਾਪਸ ਆਈ ਤਾਂ ਉਸ ਦੇ ਲੜਕੇ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ। ਜਦੋਂ ਉਹ ਆਪਣੇ ਬੇਟੇ ਨੂੰ ਬਚਾਉਣ ਗਈ ਤਾਂ ਮੁਲਜ਼ਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੁਲਜ਼ਮ ਪ੍ਰਕਾਸ਼ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਇਸ ਘਟਨਾ ਦੀ ਸੂਚਨਾ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਨੌਜਵਾਨ ਦਾ ਕੋਈ ਸੁਰਾਗ ਨਹੀਂ ਹੈ। ਪੁਲਿਸ ਨੇ ਨੌਜਵਾਨ ਦੀ ਫੋਟੋ ਨੂੰ ਸਰਕੂਲੇਟ ਕਰ ਦਿੱਤਾ ਹੈ ਤਾਂ ਜੋ ਉਸ ਬਾਰੇ ਕੋਈ ਜਾਣਕਾਰੀ ਮਿਲ ਸਕੇ।