ਪੰਜਾਬ ਵਿੱਚ ਹਜ਼ਾਰਾਂ ਮ੍ਰਿਤਕ ਲੋਕ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈ ਰਹੇ ਹਨ। ਇਹ ਖੁਲਾਸਾ ਹੋਣ ਮਗਰੋਂ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਪਤਾ ਲੱਗਦਿਆਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਹ ਸਿਲਸਿਲਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਪਰ ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦਾ ਬਿਓਰਾ ਆਧਾਰ ਕਾਰਡਾਂ ਨਾਲ ਲਿੰਕ ਕਰਨ ’ਤੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵੱਲੋਂ 89,967 ਲਾਭਪਾਤਰੀਆਂ ਦਾ ਵੇਰਵਾ ਤੇ ਆਧਾਰ ਕਾਰਡ ਮੁਹੱਈਆ ਕਰਾਏ ਗਏ ਸਨ, ਜਿਸ ਮਗਰੋਂ ਪਤਾ ਲੱਗਿਆ ਕਿ ਇਸ ਸਕੀਮ ਤਹਿਤ ਰਾਸ਼ਨ ਲੈ ਰਹੇ 45,844 ਲਾਭਪਾਤਰੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵੀ ਵੱਡੀਆਂ ਗੜਬੜੀਆਂ ਸਾਹਮਣੇ ਆਈਆਂ ਹਨ। ਸਰਕਾਰ ਇਸ ਮਾਮਲੇ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਪੰਜਾਬ ਨੂੰ ਤਿੰਨ ਮਹੀਨੇ ਦਾ ਅਨਾਜ ਦਾ ਕੋਟਾ ਭੇਜਿਆ ਸੀ ਤੇ ਉਸ ਵਿੱਚ ਲਗਪਗ 11 ਫ਼ੀਸਦ ਦਾ ਕੱਟ ਲਾਇਆ ਗਿਆ ਸੀ ਕਿਉਂਕਿ ਪੰਜਾਬ ਵਿੱਚ ਲਾਭਪਾਤਰੀਆਂ ਦੀ ਗਿਣਤੀ ਕੇਂਦਰ ਵੱਲੋਂ ਨਿਸ਼ਚਿਤ ਕੀਤੇ ਕੋਟੇ ਤੋਂ ਕਿਤੇ ਜ਼ਿਆਦਾ ਹੈ। ਪੰਜਾਬ ਵਿੱਚ ਇਸ ਵੇਲੇ ਕੁੱਲ 1.57 ਕਰੋੜ ਲਾਭਪਾਤਰੀਆਂ ਨੂੰ ਅਨਾਜ ਦਿੱਤਾ ਜਾ ਰਿਹਾ ਹੈ।
ਇਸ ਮਗਰੋਂ ਸੂਬਾ ਸਰਕਾਰ ਵੱਲੋਂ ਪੜਤਾਲ ਕੀਤੀ ਗਈ ਤਾਂ ਵੱਡੇ ਖੁਲਾਸੇ ਹੋਏ ਹਨ। ਉਂਝ ਪੜਤਾਲ ਅਜੇ ਜਾਰੀ ਹੈ। ਪਹਿਲੀ ਫਰਵਰੀ ਤੱਕ ਦੀ ਰਿਪੋਰਟ ਮੁਤਾਬਕ 9391 ਰਾਸ਼ਨ ਕਾਰਡ ਰੱਦ ਕੀਤੇ ਜਾ ਚੁੱਕੇ ਹਨ। ਪੰਜਾਬ ਵਿਚ ਕੁੱਲ 40.68 ਲੱਖ ਰਾਸ਼ਨ ਕਾਰਡ ਹਨ, ਜਿਨ੍ਹਾਂ ’ਚੋਂ 20.78 ਲੱਖ ਦੀ ਪੜਤਾਲ ਹੋ ਚੁੱਕੀ ਹੈ। ਇਸ ਪੜਤਾਲ ਵਿੱਚ 1.63 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ, ਜੋ ਕਰੀਬ 7.88 ਫ਼ੀਸਦ ਬਣਦੇ ਹਨ। ਹਾਲਾਂਕਿ ਹਾਲੇ ਸਿਰਫ਼ 51.08 ਫ਼ੀਸਦ ਕਾਰਡਾਂ ਦੀ ਹੀ ਪੜਤਾਲ ਦਾ ਕੰਮ ਨੇਪਰੇ ਚੜ੍ਹਿਆ ਹੈ।