ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਤੇ ਤੇਜਿੰਦਰ ਬਿੱਟੂ ਨੇ ਫ਼ੜਿਆ ਭਾਜਪਾ ਦਾ ਪੱਲਾ
ਜਲੰਧਰ- (Sunil)ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਇਲਾਵਾ ਉਨ੍ਹਾਂ ਦੇ ਨਾਲ ਹੀ ਸੀਨੀਅਰ ਆਗੂ ਤੇਜਿੰਦਰ ਪਾਲ ਸਿੰਘ ਬਿੱਟੂ ਨੇ ਦਿੱਲੀ ਵਿਖੇ ਭਾਜਪਾ ਹੈੱਡਕੁਆਰਟਰ ਵਿਚ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਥੇ ਦੱਸਣਯੋਗ ਹੈ ਕਿ ਜਲੰਧਰ ਤੋਂ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣ ਦੀ ਟਿਕਟ ਨਾ ਮਿਲਣ ਕਰਕੇ ਚੌਧਰੀ ਪਰਿਵਾਰ ਨਾਰਾਜ਼ ਚੱਲ ਰਿਹਾ ਸੀਸੰਤੋਖ ਸਿੰਘ ਚੌਧਰੀ ਦੀ ਮੌਤ ਮਗਰੋਂ 2023 ਵਿਚ ਹੋਈ ਜ਼ਿਮਨੀ ਚੌਣ ਦੌਰਾਨ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਸੀ, ਜਿਸ ਵਿਚ ਉਹ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ। ਇਸ ਵਾਰ ਕਾਂਗਰਸ ਦੀ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਤੋਂ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ, ਜਿਸ ਕਰਕੇ ਚੌਧਰੀ ਪਰਿਵਾਰ ਨਾਰਾਜ਼ ਚੱਲ ਰਿਹਾ ਸੀ। ਉਥੇ ਹੀ ਬੇਸ਼ੱਕ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਵਿਚ ਸ਼ਾਮਲ ਹੋ ਗਏ ਪਰ ਉਨ੍ਹਾਂ ਦੇ ਬੇਟੇ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਪਾਰਟੀ ਵਿਚ ਹੀ ਹਨ, ਜੋਕਿ ਫਿਲੌਰ ਤੋਂ ਵਿਧਾਇਕ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਿਆ ਹੈ। ਜਲੰਧਰ ਦੇ ਦਿੱਗਜ ਕਾਂਗਰਸੀ ਆਗੂ ਤੇਜਿੰਦਰ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਪਈਆਂ ਸਨ। ਇਸ ਵੇਲੇ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਦੇ ਸਹਿ-ਪ੍ਰਭਾਰੀ ਸਨ। ਉਹ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਅਤੇ ਇਕ ਵਾਰ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ।