ਨਕੋਦਰ ਮੱਥਾ ਟੇਕਣ ਆਈ 16 ਸਾਲ ਦੀ ਕੁੜੀ ਨਾਲ ਮੁੰਡਿਆਂ ਨੇ ਕੀਤਾ ਗੈਂਗਰੇਪ, ਦਿੱਤੀ ਜਾਨੋ ਮਾਰਨ ਦੀ ਧਮਕੀ।
ਨਕੋਦਰ :(ਅਰਸ਼ਦੀਪ) ਸ੍ਰੀ ਮੁਕਤਸਰ ਸਾਹਿਬ ਮਲੋਟ ਤੋਂ ਨਕੋਦਰ ਵਿਖੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਈ 16 ਸਾਲਾ ਨਾਬਾਲਗ ਕੁੜੀ ਨਾਲ ਬੀਤੀ ਰਾਤ ਗੈਂਗਰੇਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਾਮਲੇ ਨੂੰ ਗੰਭੀਰਤਾ ਨਾਲ ਵੇਖਦੇ ਹੋਏ ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁੜੀ ਦਾ ਮੈਡੀਕਲ ਕਰਵਾ ਕੇ ਕਈ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਦੱਸਿਆ ਜਾ ਰਿਹਾ ਹੈ।ਪੁਲਸ ਨੂੰ ਦਿੱਤੇ ਬਿਆਨ ’ਚ ਸ੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਦੀ ਰਹਿਣ ਵਾਲੀ ਪੀੜਤ ਨਾਬਾਲਗਾ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਆਪਣੀ ਮਾਤਾ ਨੂੰ ਦੱਸ ਕੇ ਮੱਥਾ ਟੇਕਣ ਬੱਸ ’ਤੇ ਨਕੋਦਰ ਆਈ ਸੀ। ਮੱਥਾ ਟੇਕਣ ਉਪਰੰਤ ਟਾਈਮ ਜ਼ਿਆਦਾ ਹੋਣ ਕਰਕੇ ਇਕ ਹੋਰ ਡੇਰੇ ’ਤੇ ਰਾਤ ਰਹਿਣ ਲਈ ਕਮਰਾ ਲੈਣ ਵਾਸਤੇ ਗਈ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਬੈਠ ਜਾਓ ਦੱਸਦੇ ਹਾਂ ਅਤੇ ਕੁਝ ਦੇਰ ਬਾਅਦ ਜਦ ਉਹ ਜੋੜਾ ਘਰ ’ਚ ਸੀ ਤਾਂ ਇਕ ਲੜਕਾ, ਜੋ ਆਪਣਾ ਨਾਂ ਕਰਨ ਵਾਸੀ ਸੁੰਦਰ ਨਗਰ ਨਕੋਦਰ ਦੱਸ ਰਿਹਾ ਸੀ, ਉਸ ਕੋਲ ਆਇਆ, ਜਿਸ ਨੇ ਕਿਹਾ ਕਿ ਤੁਹਾਨੂੰ ਇਥੇ ਕਮਰਾ ਨਹੀਂ ਮਿਲਣਾ, ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਕਮਰਾ ਲੈ ਕੇ ਦੇਵਾਂਗਾ।ਉਕਤ ਲੜਕੇ ਕਰਨ ਨਾਲ ਇਕ ਹੋਰ ਲੜਕਾ ਪਵਨ ਵਾਸੀ ਸੁੰਦਰ ਨਗਰ ਨਕੋਦਰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਕਮਰਾ ਦਿਵਾਉਣ ਦੇ ਬਹਾਨੇ ਜਲੰਧਰ ਰੋਡ ਸਿਆਣੀਵਾਲ ਗੇਟ ਕੋਲ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਕਰਨ ਅਤੇ ਪਵਨ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਵੱਲੋਂ ਮਨ੍ਹਾ ਕਰਨ ‘ਤੇ ਰੌਲਾ ਪਾਉਣ ’ਤੇ ਇਹ ਉਸ ਨੂੰ ਵਾਪਸ ਨਕੋਦਰ ਸਬਜ਼ੀ ਮੰਡੀ ਨਜ਼ਦੀਕ ਛੱਡ ਗਏ ਅਤੇ ਉਹ ਫਿਰ ਡੇਰੇ ਚਲੇ ਗਈ, ਜਿੱਥੇ ਇਕ ਵਿਆਕਤੀ ਮੁਕੇਸ਼ ਕੁਮਾਰ ਯਾਦਵ ਵਾਸੀ ਸੁੰਦਰ ਨਗਰ ਨਕੋਦਰ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਸ਼ੰਕਰ ਨਹਿਰ ਕਿਨਾਰੇ ਲੈ ਗਿਆ, ਜਿੱਥੇ ਮੁਕੇਸ਼ ਕੁਮਾਰ ਯਾਦਵ ਨੇ ਕੁੱਟਮਾਰ ਕਰ ਜਾਨੋਂ ਮਾਰਨ ਦੀ ਧਮਕੀ ਦੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਨੇ ਕਾਫ਼ੀ ਰੌਲਾ ਪਾਇਆ ਪਰ ਸੁੰਨਸਾਨ ਜਗ੍ਹਾ ਹੋਣ ਕਰ ਕੇ ਉੱਥੇ ਆਸ-ਪਾਸ ਕੋਈ ਨਹੀਂ ਆਇਆ। ਫਿਰ ਉਨ੍ਹਾਂ ਫੋਨ ਕਰਕੇ 3 ਹੋਰ ਲੜਕੇ ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀਆਨ ਆਜ਼ਾਦ ਨਗਰ ਨਕੋਦਰ ਨੇ ਵਾਰੀ-ਵਾਰੀ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਰ ਕਰੀਬ 10 ਵਜੇ ਰਾਤ ਨੂੰ ਆਪਣੇ ਨਾਲ ਮੋਟਰਸਾਈਕਲਾਂ ’ਤੇ ਨੂਰਮਹਿਲ ਬਾਈਪਾਸ ਲੈ ਗਏ ਅਤੇ ਇਕ ਸਕੂਲ ਕੋਲ ਖਾਲੀ ਪਲਾਟ ’ਚ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਰ ਉਸ ਜਗ੍ਹਾ ’ਤੇ ਮੁਕੇਸ਼ ਕੁਮਾਰ ਯਾਦਵ ਉਕਤ ਵਾਪਸ ਆ ਗਿਆ ਅਤੇ ਜਬਰ-ਜ਼ਿਨਾਹ ਕੀਤਾ।ਮੁਕੇਸ਼ ਨੇ ਫੋਨ ਕਰਕੇ ਵਿੱਕੀ ਵਾਸੀ ਮੁਹੱਲਾ ਰਹਿਮਾਨਪੁਰਾ ਅਤੇ ਅਜੈ ਕੁਮਾਰ ਵਾਸੀ ਵਿਜੇ ਨਗਰ ਕਾਲੋਨੀ ਨਕੋਦਰ ਨੂੰ ਬੁਲਾ ਲਿਆ, ਜੋ ਮੌਕੇ ’ਤੇ ਆਏ ਪਰ ਉਸ ਦੀ ਹਾਲਾਤ ਵੇਖ ਕੇ ਡਰ ਗਏ ਅਤੇ ਵਾਪਸ ਚਲੇ ਗਏ। ਫਿਰ ਮੁਕੇਸ਼ ਕੁਮਾਰ ਯਾਦਵ ਉਕਤ ਉਸ ਨੂੰ ਵਿੱਕੀ ਕੁਮਾਰ ਦੇ ਘਰ ਮੁਹੱਲਾ ਰਹਿਮਾਨਪੁਰਾ ਨਕੋਦਰ ਛੱਡ ਗਿਆ, ਜਿੱਥੇ ਵਿੱਕੀ ਕੁਮਾਰ ਨੇ ਡਰਾ-ਧਮਕਾ ਕੇ ਫਿਰ ਜਬਰ-ਜ਼ਿਨਾਹ ਕਰਕੇ ਰਾਤ 1:30 ਵਜੇ ਕੁੜੀ ਨੂੰ ਘਰੋਂ ਬਾਹਰ ਕੱਢ ਦਿੱਤਾ। ਉਕਤ ਸਾਰੀ ਘਟਨਾ ਉਸ ਨੇ ਆਪਣੀ ਮਾਂ ਨੂੰ ਫੋਨ ’ਤੇ ਦੱਸੀ।ਮੁਲਜ਼ਮਾਂ ’ਚ ਇਕ ਨੌਜਵਾਨ ਨਾਬਾਲਗ , ਮਾਮਲਾ ਦਰਜ ਭਰੋਸੇਯੋਗ ਸੂਤਰਾਂ ਨੇ ਦੱਸਿਆ ਪੀੜਤ ਨਾਬਾਲਗ ਲੜਕੀ ਦੇ ਬਿਆਨਾਂ ’ਤੇ ਮਹਿਲਾ ਇੰਸ. ਅਰਸ਼ਪ੍ਰੀਤ ਕੌਰ ਅਤੇ ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਉਕਤ 8 ਨੌਜਵਾਨਾਂ, ਜਿਨ੍ਹਾਂ ’ਚ ਕਰਨ, ਪਵਨ, ਮੁਕੇਸ਼ ਕੁਮਾਰ ਯਾਦਵ ਵਾਸੀਆਨ (ਤਿੰਨੇ) ਸੁੰਦਰ ਨਗਰ ਨਕੋਦਰ, ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀਆਨ (ਤਿੰਨੇ) ਆਜ਼ਾਦ ਨਗਰ ਨਕੋਦਰ, ਵਿੱਕੀ ਵਾਸੀ ਮੁਹੱਲਾ ਰਹਿਮਾਨਪੁਰਾ ਤੇ ਅਜੈ ਕੁਮਾਰ ਵਾਸੀ ਵਿਜੇ ਨਗਰ ਕਾਲੋਨੀ ਨਕੋਦਰ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਇਕ ਨੌਜਵਾਨ ਨਾਬਾਲਗ ਹੈ।
ਪੁਲਸ ਨੇ ਕਈ ਨੌਜਵਾਨਾਂ ਨੂੰ ਲਿਆ ਹਿਰਾਸਤ ’ਚ
ਨਕੋਦਰ ’ਚ 16 ਸਾਲਾ ਨਾਬਾਲਗ ਕੁੜੀ ਨਾਲ ਗੈਂਗਰੇਪ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ, ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਦੀਆਂ ਵੱਖ-ਵੱਖ ਟੀਮਾ ਬਣਾ ਕੇ ਕਈ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਹੈ ਪਰ ਇਸ ਸਬੰਧੀ ਪੁਲਸ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਪੁਲਸ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਦਾ ਖ਼ੁਲਾਸਾ ਕਰੇਗੀ।