ਜਿਲ੍ਹਾ ਯੂਥ ਅਕਾਲੀ ਦਲ ਵੱਲੋਂ ਗਰਨਾ ਸਾਹਿਬ ਵਿਖੇ ਲਗਾਇਆ ਗਿਆ ਦਸਤਾਰ ਲੰਗਰ
ਨੌਜਵਾਨ ਪੀੜ੍ਹੀ ਸੁਚੇਤ, ਵਿਰੋਧੀਆਂ ਦੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ-ਇੰਦਰਜੀਤ ਕੰਗ
ਹੁਸ਼ਿਆਰਪੁਰ 25 ਅਪ੍ਰੈਲ ( ਤਰਸੇਮ ਦੀਵਾਨਾ ) ਖਾਲਸਾ ਪੰਥ ਦੀ ਸ਼ਾਨ ਦਸਤਾਰ ਦਾ ਲੰਗਰ ਯੂਥ ਅਕਾਲੀ ਦਲ ਹੁਸ਼ਿਆਰਪੁਰ ਵੱਲੋਂ ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਇਤਹਾਸਿਕ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਵਿਖੇ ਲਗਾਇਆ ਗਿਆ, ਜਿਸ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਸਿੱਖ ਇਤਹਾਸ ਨਾਲ ਜੋੜਨਾ ਹੈ, ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਇੰਚਾਰਜ ਸ. ਸਰਬਜੋਤ ਸਿੰਘ ਸਾਬੀ ਤੇ ਦਸੂਹਾ ਹਲਕੇ ਦੇ ਇੰਚਾਰਜ ਸੁਸ਼ੀਲ ਕੁਮਾਰ ਪਿੰਕੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਵੱਲੋਂ ਪਾਰਟੀ ਦੇ ਨੌਜਵਾਨਾਂ ਆਗੂਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਸਮੇਂ ਜਿਲ੍ਹਾ ਯੂਥ ਅਕਾਲੀ ਦਲ ਦੇਹਾਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਖਾਲਸਾ ਸਾਜਨਾ ਦਿਵਸ ਦੇ ਮੌਕੇ ਉੱਪਰ ਪੂਰੇ ਪੰਥ ਅੰਦਰ ਖੁਸ਼ੀ ਦੀ ਲਹਿਰ ਹੈ ਤੇ ਦੇਸ਼-ਵਿਦੇਸ਼ ਵਿੱਚ ਸਿੱਖ ਸੰਗਤ ਵੱਲੋਂ ਬੜੇ ਹੀ ਉਤਸ਼ਾਹ ਨਾਲ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਹਾਸ ਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਾਰਜ ਕੀਤੇ ਜਾ ਰਹੇ ਹਨ ਤੇ ਅੱਜ ਨੌਜਵਾਨਾਂ ਲਈ ਦਸਤਾਰਾਂ ਦਾ ਲੰਗਰ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਸਿੱਖਾਂ ਦੇ ਅਮੀਰ ਵਿਰਸੇ ਪ੍ਰਤੀ ਜਾਣੂ ਕਰਵਾਇਆ ਜਾ ਰਿਹਾ ਹੈ। ਇੰਦਰਜੀਤ ਕੰਗ ਨੇ ਕਿਹਾ ਕਿ ਮੌਜੂਦਾ ਸਮੇਂ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਸੁਚੇਤ ਹੈ ਤੇ ਜਿਹੜੀਆਂ ਤਾਕਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਹਾਸ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ ਉਹ ਕਦੇ ਕਾਮਯਾਬ ਨਹੀਂ ਹੋਣਗੀਆਂ। ਇਸ ਮੌਕੇ ਰਵਿੰਦਰ ਸਿੰਘ ਚੱਕ, ਗੁਰਪ੍ਰੀਤ ਸਿੰਘ ਚੀਮਾ, ਭੁਪਿੰਦਰ ਸਿੰਘ ਨੀਲੂ, ਸੰਦੀਪ ਸਿੰਘ ਸੀਕਰੀ, ਸਤਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਕੇ.ਪੀ., ਉਪਕਾਰ ਸਿੰਘ ਭੱਕਲਾ, ਬਿਕਰਮ ਸਿੰਘ ਅੱਲਾਬਖਸ਼, ਅਮਨ ਗਿੱਲ ਝਿੰਜਰ, ਰਮਿੰਦਰ ਸਿੰਘ ਹੀਰਾ, ਰਛਪਾਲ ਸਿੰਘ ਝਿੰਜਰ, ਪ੍ਰੀਤ ਜੱਜ, ਹਰਜੋਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਦਸਤਾਰ ਕੋਚ ਤੇ ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ।
ਦਸਤਾਰਾਂ ਦੇ ਲਗਾਏ ਲੰਗਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਹੋਰ ਨੌਜਵਾਨ।