ਜਲੰਧਰ ਦੇ ਦੁਆਬਾ ਚੌਂਕ ਵਿੱਚ ਬਾਬਿਆਂ ਦਾ ਰੂਪ ਧਾਰਨ ਕਰਕੇ ਲੁੱਟਿਆ ਕਾਰੋਬਾਰੀ ਪਤੀ-ਪਤਨੀ ਨੂੰ, ਘਟਨਾ ਹੋਈ ਸੀਸੀ ਟੀਵੀ ਕੈਮਰੇ ਵਿੱਚ ਕੈਦ।

ਜਲੰਧਰ ਦੇ ਦੁਆਬਾ ਚੌਂਕ ਵਿੱਚ ਬਾਬਿਆਂ ਦਾ ਰੂਪ ਧਾਰਨ ਕਰਕੇ ਲੁੱਟਿਆ ਕਾਰੋਬਾਰੀ ਪਤੀ-ਪਤਨੀ ਨੂੰ, ਘਟਨਾ ਹੋਈ ਸੀਸੀ ਟੀਵੀ ਕੈਮਰੇ ਵਿੱਚ ਕੈਦ।

ਜਲੰਧਰ (ਅਰਸ਼ਦੀਪ)ਦੋਆਬਾ ਚੌਂਕ ਵਿਚ ਇਕ ਕਥਿਤ ਬਾਬੇ ਅਤੇ ਉਸ ਦੀ ਟੀਮ ਵਿਚ ਸ਼ਾਮਲ ਜੋੜੇ ਨੇ ਕਾਰੋਬਾਰੀ ਅਤੇ ਉਸ ਦੀ ਪਤਨੀ ਕੋਲੋਂ 4 ਤੋਲੇ ਸੋਨੇ ਦੇ ਗਹਿਣੇ ਠੱਗ ਲਏ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਸੀ. ਸੀ. ਟੀ. ਵੀ. ਕੈਮਰੇ ਘੋਖ ਕੇ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ।ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਾਰੋਬਾਰੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਹ ਅਮਨ ਨਗਰ ਦੇ ਰਹਿਣ ਵਾਲੇ ਹਨ। ਸ਼ੁੱਕਰਵਾਰ ਨੂੰ ਉਹ ਪ੍ਰਤਾਪ ਬਾਗ ਨੇੜੇ ਲੱਗਣ ਵਾਲੀ ਸਬਜ਼ੀ ਮੰਡੀ ਤੋਂ ਪਤਨੀ ਸਮੇਤ ਸਬਜ਼ੀ ਲੈ ਕੇ ਐਕਟਿਵਾ ’ਤੇ ਘਰ ਮੁੜ ਰਹੇ ਸਨ। ਜਿਉਂ ਹੀ ਉਹ ਕਿਸ਼ਨਪੁਰਾ ਚੌਂਕ ਤੋਂ ਦੋਆਬਾ ਚੌਂਕ ਵੱਲ ਜਾਂਦੀ ਸੜਕ ’ਤੇ ਪੁੱਜੇ ਤਾਂ ਇਕ ਬਾਬੇ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਜ਼ਰਅੰਦਾਜ਼ ਕਰਕੇ ਅੱਗੇ ਨਿਕਲ ਗਏ। ਦੋਆਬਾ ਚੌਂਕ ਤੋਂ ਉਨ੍ਹਾਂ ਫਰੂਟ ਲੈਣਾ ਸੀ। ਉਹ ਫਰੂਟ ਲੈਣ ਲਈ ਰੁਕੇ ਤਾਂ ਉਹ ਬਾਬਾ ਉਥੇ ਪਹੁੰਚ ਗਿਆ ਅਤੇ ਸੇਵਾ ਮੰਗਣ ਲੱਗਾ।ਯੋਗੇਸ਼ ਨੇ ਕਿਹਾ ਕਿ ਬਾਬੇ ਨੂੰ ਉਨ੍ਹਾਂ ਜਾਣ ਲਈ ਕਿਹਾ ਤਾਂ ਉਹ ਚਲਾ ਗਿਆ। ਇਸੇ ਦੌਰਾਨ ਇਕ ਜੋੜਾ ਉਨ੍ਹਾਂ ਕੋਲ ਆਇਆ ਅਤੇ ਬਾਬੇ ਬਾਰੇ ਪੁੱਛਣ ਲੱਗਾ। ਯੋਗੇਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਬਾਬਾ ਸੇਵਾ ਮੰਗ ਰਿਹਾ ਸੀ ਅਤੇ ਉਨ੍ਹਾਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਜੋੜੇ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਇਸੇ ਬਾਬੇ ਨੇ ਠੀਕ ਕੀਤੀਆਂ ਹਨ। ਇਹ ਗਹਿਣੇ ਤਕ ਡਬਲ ਕਰ ਦਿੰਦਾ ਹੈ ਅਤੇ ਸਭ ਦਾ ਭਲਾ ਕਰਦਾ ਹੈ।ਇਸ ਦੌਰਾਨ ਕਥਿਤ ਬਾਬਾ ਉਥੇ ਆ ਗਿਆ, ਜਦਕਿ ਜੋੜੇ ਨੇ ਵੀ ਕਿਹਾ ਕਿ ਉਨ੍ਹਾਂ ਵੀ ਬਾਬੇ ਨੂੰ ਗਹਿਣੇ ਦਿੱਤੇ ਸਨ, ਜਿਨ੍ਹਾਂ ਨੂੰ ਕੱਪੜੇ ਵਿਚ ਬੰਨ੍ਹ ਕੇ ਬਾਬੇ ਨੇ ਧਿਆਨ ਲਾਇਆ ਅਤੇ ਬਾਅਦ ਵਿਚ ਸਭ ਕੁਝ ਡਬਲ ਹੋ ਗਿਆ। ਯੋਗੇਸ਼ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਸ ਦਾ ਮਾਈਂਡਵਾਸ਼ ਕਰ ਦਿੱਤਾ ਅਤੇ ਉਨ੍ਹਾਂ ਲਗਭਗ 4 ਤੋਲੇ ਸੋਨੇ ਦੇ ਗਹਿਣੇ ਬਾਬੇ ਨੂੰ ਫੜਾ ਦਿੱਤੇ, ਜਿਹੜੇ ਉਸ ਨੇ ਕੱਪੜੇ ਵਿਚ ਰੱਖੇ ਅਤੇ ਗੰਢਾਂ ਮਾਰ ਕੇ ਕੱਪੜਾ ਉਸ ਨੂੰ ਵਾਪਸ ਫੜਾ ਦਿੱਤਾ ਅਤੇ ਕਿਹਾ ਕਿ ਇਹ ਕੱਪੜਾ ਘਰ ਜਾ ਕੇ ਖੋਲ੍ਹਣਾ। ਇਸ ਦੌਰਾਨ ਬਾਬਾ ਅਤੇ ਜੋੜਾ ਵੀ ਗਾਇਬ ਹੋ ਗਏ।ਯੋਗੇਸ਼ ਦੀ ਪਤਨੀ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਕੱਪੜੇ ਨੂੰ ਖੋਲ੍ਹਣ ਦਾ ਸੋਚਿਆ। ਯੋਗੇਸ਼ ਨੇ ਕਿਹਾ ਕਿ ਕੱਪੜੇ ਨੂੰ ਗੰਢਾਂ ਕਾਫ਼ੀ ਜ਼ਿਆਦਾ ਸਨ, ਜਿਨ੍ਹਾਂ ਨੂੰ ਖੋਲ੍ਹਦਿਆਂ ਸਮਾਂ ਲੱਗ ਗਿਆ। ਜਦੋਂ ਕੱਪੜਾ ਖੁੱਲ੍ਹਿਆ ਤਾਂ ਉਸ ਵਿਚ ਭੰਗ ਸੀ। ਉਨ੍ਹਾਂ ਰੌਲਾ ਪਾਇਆ ਅਤੇ ਉਕਤ ਨੌਸਰਬਾਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਫ਼ਰਾਰ ਹੋ ਚੁੱਕੇ ਸਨ। ਇਸ ਸਬੰਧੀ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਲੱਗਾ।

Leave a Reply

Your email address will not be published. Required fields are marked *