ਡਾ.ਅੰਬੇਡਕਰ ਦਾ ਪੋਤਰਾ ਭੀਮ ਰਾਓ ਯਸ਼ਵੰਤ ਅੰਬੇਡਕਰ ਹਲਕਾ ਹੁਸ਼ਿਆਰਪਰ ਤੋਂ ਅੱਜ ਕਰਨਗੇ ਨਾਮਜ਼ਦਗੀ ਪੱਤਰ ਦਾਖਿਲ
ਹੁਸ਼ਿਆਰਪੁਰ 12 ਮਈ (ਤਰਸੇਮ ਦੀਵਾਨਾ )
ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਪੋਤਰਾ ਭੀਮ ਰਾਓ ਯਸ਼ਵੰਤ ਅੰਬੇਡਕਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਗਲੋਬਲ ਰਿਪਬਲਿਕਨ ਪਾਰਟੀ ਵੱਲੋਂ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ | ਇਹ ਜਾਣਕਾਰੀ ਦਿੰਦਿਆਂ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਹੁਸ਼ਿਆਰਪੁਰ ਵਿੱਚ ਵਿਸ਼ੇਸ਼ ਪ੍ਰੈਸ ਵਾਰਤਾ ਦੌਰਾਨ ਐਡਵੋਕੇਟ ਓਮ ਪ੍ਰਕਾਸ਼ ਇੰਦਲ ਇੰਚਾਰਜ ਨਾਰਥ ਜ਼ੋਨ, ਭੈਣ ਸੰਤੋਸ਼ ਕੁਮਾਰੀ ਪੰਜਾਬ ਪ੍ਰਧਾਨ ਮਹਿਲਾ ਵਿੰਗ ਦੀ ਮੌਜੂਦਗੀ ਵਿੱਚ ਦੱਸਿਆ ਕਿ ਉਹਨਾਂ ਦੇ ਪਿਤਾ ਅਤੇ ਡਾਕਟਰ ਬੀ ਆਰ ਅੰਬੇਡਕਰ ਦੇ ਇਕਲੌਤੇ ਪੁੱਤਰ ਯਸ਼ਵੰਤ ਰਾਓ ਅੰਬੇਡਕਰ ਨੇ 1962 ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਰਿਪਬਲਿਕ ਪਾਰਟੀ ਆਫ ਇੰਡੀਆ ਦੀ ਟਿਕਟ ਤੋਂ ਚੋਣ ਲੜੀ ਸੀ ਅਤੇ ਕੇਵਲ 9000 ਵੋਟਾਂ ਦੇ ਫਰਕ ਨਾਲ ਦੂਜੇ ਨੰਬਰ ਤੇ ਰਹੇ ਸਨ ਅਤੇ ਹੁਣ ਉਹ ਖੁਦ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਗਲੋਬਲ ਰਿਪਬਲੀਕਨ ਪਾਰਟੀ ਦੀ ਟਿਕਟ ਤੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਨ ਲਈ ਮੈਦਾਨ ਵਿੱਚ ਆਏ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਬਾਬੂ ਕਾਂਸ਼ੀ ਰਾਮ ਜੀ ਨੇ ਸਹੀ ਮਾਇਨਿਆਂ ਵਿੱਚ ਅੱਗੇ ਵਧਾਇਆ ਪਰ ਉਨਾਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਆਪਣੀ ਦਿਸ਼ਾ ਅਤੇ ਦਸ਼ਾ ਤੋਂ ਭਟਕ ਗਈ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਬਾਬਾ ਸਾਹਿਬ ਦਾ ਨਾਮ ਲੈ ਕੇ ਸਵਾਰਥ ਦੀ ਰਾਜਨੀਤੀ ਚਮਕਾਈ ਪਰ ਅਜੇ ਤੱਕ ਉਹਨਾਂ ਦੇ ਸੁਪਨਿਆਂ ਨੂੰ ਬੂਰ ਨਹੀਂ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਉਹ ਰਾਜਨੀਤੀ ਵਿੱਚ ਨਵੇਂ ਨਹੀਂ ਸਗੋਂ ਇਸ ਤੋਂ ਪਹਿਲਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਰਿਪਬਲੀਕਨ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਹੁਣ ਪੰਜਾਬ ਤੋਂ ਆਪਣਾ ਚੋਣ ਸਫਰ ਆਰੰਭ ਕਰੇਗੀ | ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਹ ਬਹੁਤ ਜਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ | ਉਹਨਾਂ ਮੌਜੂਦਾ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਲੋਕਤੰਤਰ ਲਈ ਵੱਡਾ ਖਤਰਾ ਦੱਸਦੇ ਕਿਹਾ ਕਿ ਸੱਤਾ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ |
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਬੀ ਆਰ ਅੰਬੇਡਕਰ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਉਹਨਾਂ ਦੇ ਨਾਲ ਐਡਵੋਕੇਟ ਓਮ ਪ੍ਰਕਾਸ਼ ਇੰਦਲ ਇੰਚਾਰਜ ਨਾਰਥ ਜ਼ੋਨ, ਪੰਜਾਬ ਪ੍ਰਧਾਨ ਮਹਿਲਾ ਵਿੰਗ ਭੈਣ ਸੰਤੋਸ਼ ਕੁਮਾਰੀ ।
ਫੋਟੋ : ਅਜਮੇਰ ਦੀਵਾਨਾ