ਅੱਜ ਪੀ ਐਮ ਮੋਦੀ, ਭਾਜਪਾ ਦੇ ਉਮੀਦਵਾਰ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਪ੍ਰਚਾਰ ਲਈ ਹੁਸ਼ਿਆਰਪੁਰ ਵਿਖੇ ਪਧਾਰ ਰਹੇ ਹਨ
ਬੀਜੇਪੀ ਪੰਡਾਲ ਨੂੰ ਜਾਂਦੇ ਸਾਰੇ ਰਸਤਿਆਂ ਅਤੇ ਹੁਸ਼ਿਆਰਪੁਰ ਸ਼ਹਿਰ ਦੇ ਸਾਰੇ ਬਜਾਰਾਂ ਵਿੱਚ ਰਾਮ ਮੰਦਿਰ ਫੋਟੋਆਂ ਵਾਲੇ ਝੰਡੇ ਲਾ ਕੇ ਧਰਮ ਦੀ ਰਾਜਨੀਤੀ ਨਾਲ ਲੋਕਤੰਤਰ ਦੀ ਹੱਤਿਆ ਅਤੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ
ਧਰਮ ਦੀ ਰਾਜਨੀਤੀ ਨਾਲ ਦੇਸ਼ ਵਾਸੀਆਂ ਵਿੱਚ ਫੁੱਟ ਦਾ ਬੀਜ ਬੀਜਿਆ ਜਾ ਰਿਹਾ ਜਾਪਦਾ ਹੈ
ਭਾਰਤ ਦਾ ਇਲੈਕਸ਼ਨ ਕਮਿਸ਼ਨ ਬਣਿਆ ਮੂਕ ਦਰਸ਼ਕ
ਹੁਸ਼ਿਆਰਪੁਰ, 29 ਮਈ, ( ਤਰਸੇਮ ਦੀਵਾਨਾ )
ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਸ਼ਹਿਰ ਵਿਖੇ ਬੀਜੇਪੀ ਦੀ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਪ੍ਰਚਾਰ ਲਈ ਪਹੁੰਚ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਅਤੇ ਕੇਂਦਰੀ ਬਲ ਪੱਬਾਂ ਭਾਰ ਹੋਇਆ ਨਜ਼ਰ ਆ ਰਿਹਾ ਹੈ। ਸ਼ਹਿਰ ਦੀ ਹਰ ਗਲੀ, ਮੋੜ, ਪੁਲ ਆਦਿ ਤੇ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਦੁਸੇਹਿਰਾ ਗਰਾਊਂਡ ਜਿਸ ਦੀ ਕਿ ਸਾਲ ਬਾਅਦ ਦੁਸੈ਼ਹਿਰੇ ਦੇ ਦਿਨਾਂ ਵਿੱਚ ਹੀ ਮਾੜੀ ਮੋਟੀ ਸਫਾਈ ਹੁੰਦੀ ਸੀ ਉੱਥੇ ਅੱਜ ਮੋਦੀ ਦੇ ਆਉਣ ਉੱਤੇ ਲੱਗਭਗ ਪੰਡਾਲ ਤੋਂ ਆਸੇ ਪਾਸੇ ਇੱਕ ਕਿਲੋਮੀਟਰ ਘੇਰੇ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜੇਸੀਬੀ ਮਸ਼ੀਨਾਂ ਆਦਿ ਲਾ ਕੇ ਸਫਾਈ ਕੀਤੀ ਜਾ ਰਹੀ। ਵੇਖਣ ਵਾਲੀ ਗੱਲ ਇਹ ਹੈ ਕਿ ਕੇਵਲ ਜੇਕਰ ਪ੍ਰਧਾਨ ਮੰਤਰੀ ਜਾਂ ਕੋਈ ਉੱਚ ਸ਼ਖਸ਼ੀਅਤ ਸ਼ਹਿਰ ਵਿੱਚ ਆਵੇ ਤਾਂ ਹੀ ਸਫਾਈ ਹੋਣੀ ਚਾਹੀਦੀ ਹੈ ਜਾਂ ਕਿ ਸ਼ਹਿਰ ਦੀ ਸਫਾਈ ਇਨਸਾਨੀਅਤ ਨੂੰ ਮੁੱਖ ਰੱਖ ਕੇ ਰੋਜਾਨਾ ਹੋਣੀ ਹੀ ਚਾਹੀਦੀ ਹੈ। ਪਰ ਅਫਸੋਸ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਅਜਿਹਾ ਕਦੇ ਵੀ ਨਹੀਂ ਕੀਤਾ ਗਿਆ। ਇਸ ਸ਼ਹਿਰ ਦੇ ਹੁਣ ਤੱਕ ਤਾਕਤ ਵਿੱਚ ਆਏ ਮੰਤਰੀ ਜਾਂ ਸਥਾਨਕ ਅਧਿਕਾਰੀ ਸ਼ਹਿਰ ਦੀ ਸਫਾਈ ਕੇਵਲ ਅਖਬਾਰੀ ਬਿਆਨਾਂ ਜਾਂ ਉਦਘਾਟਨਾਂ ਤੱਕ ਹੀ ਸੀਮਤ ਰੱਖਦੇ ਹਨ।
ਚੋਣ ਪ੍ਰਚਾਰ ਦੇ ਪੰਡਾਲ ਦੀ ਤਿਆਰੀ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਭਰ ਦੇ ਅਧਿਕਾਰੀ ਤਾਇਨਾਤ ਕੀਤੇ ਹੋਏ ਹਨ। ਦੁਸਿਹਰਾ ਗਰਾਊਂਡ ਦੇ ਅੱਗਿਓਂ ਲੰਘਦੀ ਰੋਡ ਕਰੀਬ ਅਧਿਕਾਰੀਆਂ ਦੀਆਂ ਕਾਰਾਂ, ਵਹੀਕਲਾਂ ਆਦਿ ਨਾਲ ਭਰੀ ਪਈ ਸੀ। ਬਹੁਤ ਸਾਰੀਆਂ ਕਾਰਾਂ ਸਾਈਡਾਂ ਦੀਆਂ ਗਲੀਆਂ ਤੇ ਗਰਾਊਂਡ ਵਿੱਚ ਵੀ ਸਥਿਤ ਸਨ। ਜਾਹਿਰ ਹੈ ਕਿ ਇਹਨਾਂ ਅਧਿਕਾਰੀਆਂ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਨਾਮ ਯਾਦ ਕੀਤੇ ਅਧਿਕਾਰੀਆਂ ਦੀਆਂ ਗੱਡੀਆਂ ਵੀ ਉੱਥੇ ਜਰੂਰ ਹੋਣਗੀਆਂ ਪਰ ਉਹਨਾਂ ਵੱਲੋਂ ਹਰ ਰਸਤੇ ਅਤੇ ਪੰਡਾਲ ਅੱਗੇ ਲੱਗੀਆਂ ਸ੍ਰੀ ਰਾਮ ਮੰਦਿਰ ਦੀਆਂ ਫੋਟੋ ਵਾਲੀਆਂ ਝੰਡੀਆਂ ਦਾ ਕਿਸੇ ਨੇ ਵੀ ਨੋਟਿਸ ਨਹੀਂ ਲਿਆ ਜਾਪਦਾ। ਜਿਸ ਤੋਂ ਇਲੈਕਸ਼ਨ ਕਮਿਸ਼ਨ ਦਾ ਪੱਖਪਾਤੀ ਹੋਣਾ ਸਾਫ ਦਿਖਾਈ ਦਿੰਦਾ ਜਾਪਦਾ ਹੈ। ਜੇ ਕਰ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਉਸ ਦੀ ਪਾਰਟੀ ਹੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰੇ ਤਾਂ ਕਾਨੂੰਨਾਂ ਦੀ ਪਾਲਣਾ ਬਾਕੀ ਲੋਕਾਂ ਤੋਂ ਕਿਵੇਂ ਕੀਤੀ ਜਾ ਸਕਦੀ ਹੈ। ਅੱਜ ਤੱਕ ਦੇ ਭਾਰਤ ਵਿੱਚ ਰਾਜ ਕਰਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਹੀ ਭਾਰਤ ਦੇ ਕਾਨੂੰਨਾਂ ਦੀਆਂ ਧੱਜੀਆਂ ਉੜਾਈਆਂ ਜਾਂਦੀਆਂ ਰਹੀਆਂ ਹਨ। ਰਾਜ ਕਰਦੀਆਂ ਪਾਰਟੀਆਂ ਲਈ ਕਾਨੂੰਨ ਹੋਰ ਅਤੇ ਆਮ ਲੋਕਾਂ ਦੇ ਲਈ ਕਾਨੂੰਨ ਹੋਰ ਹਮੇਸ਼ਾ ਹੀ ਵਿਖਾਈ ਦਿੱਤੇ ਜਾਂਦੇ ਰਹੇ ਹਨ। ਭਾਰਤ ਦਾ ਇਲੈਕਸ਼ਨ ਕਮਿਸ਼ਨ ਅੱਜ ਦੀ ਅਵਸਥਾ ਵਿੱਚ ਕੇਵਲ ਨਾਂ ਦਾ ਇਲੈਕਸ਼ਨ ਕਮਿਸ਼ਨ ਹੀ ਹੈ ਜਦੋਂ ਕੋਈ ਵੀ ਗਲਤ ਕਾਰਵਾਈ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਸਖਤ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਪਰ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ।
ਵੇਖਣਾ ਹੁਣ ਇਹ ਹੋਵੇਗਾ ਕਿ ਕੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਤੇ ਬੀਜੇਪੀ ਵੱਲੋਂ ਸ੍ਰੀ ਰਾਮ ਮੰਦਰ ਵਾਲੀ ਫੋਟੋ ਵਾਲੇ ਧਰਮ ਅਧਾਰਤ ਝੰਡੇ ਲਾ ਕੇ ਅਤੇ ਮੋਦੀ ਵੱਲੋਂ ਸ੍ਰੀ ਰਾਮ ਦੇ ਨਾਂ ਤੇ ਭਾਜਪਾ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਮੰਗ ਕਰਨ ਤੇ ਭਾਰਤ ਦਾ ਇਲੈਕਸ਼ਨ ਕਮਿਸ਼ਨ ਕੋਈ ਕਾਨੂੰਨੀ ਕਾਰਵਾਈ ਕਰਦਾ ਹੈ ਜਾਂ ਨਹੀਂ।