ਰੁੱਤ ਵੋਟਾਂ ਦੀ ਆਈ, ਗਰੀਬਾਂ ਦੀ ਕਾਹਦੀ ਕਮਾਈ
ਆਮ ਲੋਕ ਵੋਟ ਰਾਜਨੀਤੀ ਤੋਂ ਅਣਭਿੱਜ :
ਵੋਟ ਪਾਉਣ ਨੂੰ ਸਮਝਦੇ ਕੇਵਲ ਜਿਉਂਦੇ ਰਹਿਣ ਦਾ ਦਸਤਾਵੇਜ਼ੀ ਸਬੂਤ
ਵਾਅਦਿਆਂ ਤੋਂ ਦੁੱਖੀ ਰਾਜਨੀਤਿਕ ਪਾਰਟੀਆਂ ਤੋਂ ਉਦਾਸੀਨ ਹੋਏ ਆਮ ਕਿਰਤੀ ਲੋਕ ।
ਹੁਸ਼ਿਆਰਪੁਰ 30 ਮਈ ( ਤਰਸੇਮ ਦੀਵਾਨਾ )
ਦੇਸ਼ ਵਿੱਚ ਆਮ ਚੋਣਾਂ ਨੂੰ ਲੈ ਕੇ ਚੱਲ ਰਹੇ ਮਾਹੌਲ ਤੋਂ ਆਮ ਘਰਾਂ ਦੇ ਕਿਰਤੀ ਲੋਕ ਬੇਹੱਦ ਉਦਾਸੀਨ ਹਨ ਅਤੇ ਰਾਜਨੀਤਿਕ ਲੋਕਾਂ ਦੇ ਲਾਰੇ ਲੱਪਿਆਂ ਅਤੇ ਰਾਜਨੀਤਿਕ ਝੂਠੇ ਵਾਅਦਿਆਂ ਤੋਂ ਬੇਹੱਦ ਖਫ਼ਾ ਹਨ | ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹਨਾਂ ਦੀ ਸੋਚ ਮੁਤਾਬਿਕ ਉਨ੍ਹਾਂ ਲਈ ਵੋਟ ਪਾਉਣ ਦਾ ਮਕਸਦ ਕੇਵਲ ਤੇ ਕੇਵਲ ਆਪਣੇ ਜਿਉਂਦੇ ਰਹਿਣ ਦਾ ਦਸਤਾਵੇਜੀ ਸਬੂਤ ਹੀ ਬਣ ਕੇ ਰਹਿ ਗਿਆ ਹੈ | ਦੇਸ਼ ਵਿੱਚ ਚੱਲ ਰਹੇ ਆਮ ਚੋਣਾਂ ਦੇ ਮਾਹੌਲ ਨੂੰ ਲੈ ਕੇ ਆਮ ਪਰਿਵਾਰਾਂ ਦੇ ਕਿਰਤੀ ਸਮਾਜ ਦੇ ਲੋਕ ਕੀ ਸੋਚ ਰੱਖਦੇ ਹਨ ਇਸ ਬਾਰੇ ਜਾਣਕਾਰੀ ਲੈਣ ਲਈ ਪੰਜਾਬੀ ਜਾਗਰਣ ਵੱਲੋਂ ਕਿਰਤੀ ਸਮਾਜ ਦੀ ਕੰਮ ਵਾਲੀ ਜਗ੍ਹਾ ਲੇਬਰ ਚੌਕ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਜਾ ਕੇ ਆਪਣੇ ਪਾਠਕਾਂ ਲਈ ਗਰਾਊਂਡ ਰਿਪੋਰਟ ਤਿਆਰ ਕੀਤੀ ਗਈ ਹੈ :
ਰਾਜਨੀਤਿਕ ਲੋਕਾਂ ਤੋਂ ਬੇਹੱਦ ਉਦਾਸੀਨ ਨੇ ਕਿਰਤੀ ਲੋਕ:
ਪੰਜਾਬੀ ਜਾਗਰਣ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਇਹ ਤੱਥ ਉਭਰ ਕੇ ਸਾਹਮਣੇ ਆਇਆ ਹੈ ਕਿ ਆਮ ਸਮਾਜ ਦੇ ਕਿਰਤੀ ਲੋਕਾਂ ਨੂੰ ਹੁਣ ਰਾਜਨੀਤਿਕ ਪਾਰਟੀਆਂ ਤੋਂ ਬਹੁਤੀਆਂ ਉਮੀਦਾਂ ਨਹੀਂ ਰਹੀਆਂ | ਇਸ ਰਿਪੋਰਟ ਵਿੱਚ ਦੋ ਤਰ੍ਹਾਂ ਦੇ ਲੋਕ ਸਾਹਮਣੇ ਆਏ ਜਿਨਾਂ ਵਿੱਚੋਂ ਇੱਕ ਧਿਰ ਨੌਜਵਾਨ ਦਿਹਾੜੀਦਾਰ ਮਜ਼ਦੂਰ ਵਰਗ ਦੀ, ਜੋ ਵੋਟਾਂ ਪਾਣ ਦੇ ਬਿਲਕੁਲ ਹੱਕ ਵਿੱਚ ਨਹੀਂ ਸਨ ਅਤੇ ਦੂਜੀ ਧਿਰ 65 ਸਾਲ ਤੋਂ ਉੱਪਰ ਦੇ ਉਮਰ ਦੇ ਬਜ਼ੁਰਗ ਕਿਰਤੀ ਲੋਕ ਜੋ ਬੇਸ਼ੱਕ ਵੋਟ ਪਾਉਣ ਦੇ ਹੱਕ ਵਿੱਚ ਸਨ ਪਰ ਉਹਨਾਂ ਨੂੰ ਹੁਣ ਤੱਕ ਆਪਣੀ ਵੋਟ ਦੀ ਕੀਮਤ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਉਹ ਕੇਵਲ ਇਹੀ ਸਮਝ ਰਹੇ ਸਨ ਕਿ ਵੋਟ ਪਾਉਣ ਨਾਲ ਉਹਨਾਂ ਦਾ ਜਿਉਂਦੇ ਰਹਿਣ ਦਾ ਸਬੂਤ ਬਣ ਜਾਂਦਾ ਹੈ ਜੋ ਕਿ ਉਨਾਂ ਦੇ ਸਰਕਾਰੀ ਕੰਮਾਂ ਲਈ ਸਹਾਇਕ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ 80 ਸਾਲ ਉਮਰ ਦੇ ਬਜ਼ੁਰਗ ਕਿਰਤੀ ਕਸ਼ਮੀਰੀ ਲਾਲ ਵਾਸੀ ਪਿੰਡ ਸਤਿਆਲ ਨਜਦੀਕ ਨਾਰਾ ਡਾਡਾ ਨੇ ਦੱਸਿਆ ਕਿ ਉਹ ਵੋਟ ਪਾਉਣ ਨੂੰ ਤਰਜ਼ੀਹ ਇਸ ਲਈ ਦਿੰਦੇ ਹਨ ਕਿ ਇਹ ਉਹਨਾਂ ਦੇ ਜਿਉਂਦੇ ਰਹਿਣ ਦੇ ਸਬੂਤ ਵਜੋਂ ਕੰਮ ਆਵੇਗਾ | ਉਹਨਾਂ ਦਾ ਕਹਿਣਾ ਸੀ ਕਿ ਰਾਜਨੀਤਿਕ ਲੋਕ ਚੋਣਾਂ ਨੂੰ ਕੇਵਲ ਆਪਣੀ ਚੌਧਰ ਚਮਕਾਉਣ ਲਈ ਹੀ ਵਰਤਦੇ ਹਨ| ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਉਹਨਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਮਿਲੀਆਂ ਜਦ ਕਿ ਰਾਜਨੀਤਿਕ ਲੋਕ ਚੋਣਾਂ ਜਿੱਤ ਕੇ ਆਪਣਾ ਸਭ ਕੁਝ ਬਣਾ ਜਾਂਦੇ ਹਨ | ਅਸੀਂ ਹਾਲੇ ਵੀ ਰੋਜੀ ਰੋਟੀ ਦੇ ਜੰਜਾਲ ਵਿੱਚ ਉਲਝੇ ਹੋਏ ਹਾਂ | ਉਹਨਾਂ ਦੇ ਨਾਲ ਖੜ੍ਹੇ ਬਜ਼ੁਰਗ ਕਿਰਤੀ ਓਮ ਪ੍ਰਕਾਸ਼ ਉਮਰ 72 ਸਾਲ ਵਾਸੀ ਪਿੰਡ ਬੱਸੀ ਮੁਸਤਫ਼ਾ ਨੇ ਦੱਸਿਆ ਕਿ ਇੰਨੀ ਵਡੇਰੀ ਉਮਰ ਦੇ ਵਿੱਚ ਵੀ ਆਪਣਾ ਪੇਟ ਪਾਲਣ ਲਈ ਉਹਨਾਂ ਵਰਗੇ ਅਨੇਕਾਂ ਲੋਕਾਂ ਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ ਜਦ ਕਿ ਸਰਕਾਰ ਨੂੰ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਅਗਲੇਰੀ ਉਮਰ ਵਿੱਚ ਉਹਨਾਂ ਨੂੰ ਰੋਟੀ ਤੇ ਦਵਾਈ ਦਾਰੂ ਦੀ ਫਿਕਰ ਕਰਨ ਦੀ ਲੋੜ ਨਾ ਪਵੇ|
ਨੌਜਵਾਨਾਂ ਨੂੰ ਨਹੀਂ ਸਰਕਾਰਾਂ ਤੋਂ ਕ਼ੋਈ ਉਮੀਦ
ਲੇਬਰ ਚੌਂਕ ਹੁਸ਼ਿਆਰਪੁਰ ਵਿੱਚ ਰੋਜੀ ਰੋਟੀ ਕਮਾਉਣ ਲਈ ਆਏ ਰਾਜੂ ਸਿੰਘ ਵਾਸੀ ਪਿੰਡ ਚੱਕ ਗੁਜਰਾਂ ਨੇ ਪੁੱਛੇ ਜਾਣ ਤੇ ਸਾਫ ਤੇ ਸਪਸ਼ਟ ਕਰ ਦਿੱਤਾ ਕਿ ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਤਾਂ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਰੁਜ਼ਗਾਰ ਨਾ ਹੋਣ ਕਾਰਨ ਨੌਜਵਾਨ ਨਸ਼ਿਆਂ ਵਿੱਚ ਜਿੰਦਗੀਆਂ ਖਰਾਬ ਕਰ ਰਹੇ ਹਨ। ਜਿਸ ਲਈ ਪੂਰੀ ਤਰ੍ਹਾਂ ਰਾਜਨੀਤਿਕ ਲੋਕ ਹੀ ਜਿੰਮੇਵਾਰ ਹਨ | ਇਸੇ ਤਰ੍ਹਾਂ ਸੰਜੀਵ ਕੁਮਾਰ ਉਮਰ 40 ਸਾਲ ਵਾਸੀ ਕੱਚਾ ਟੋਬਾ ਹੁਸ਼ਿਆਰਪੁਰ ਅਤੇ ਸੋਨੂ ਉਮਰ 40 ਸਾਲ ਵਾਸੀ ਕੱਕੋਂ ਦੀ ਕਹਾਣੀ ਵੀ ਬਿਲਕੁਲ ਇੱਕੋ ਜਿਹੀ ਹੈ ਇਨ੍ਹਾਂ ਦੋਵਾਂ ਨੌਜਵਾਨ ਮਜ਼ਦੂਰਾਂ ਦਾ ਕਹਿਣਾ ਹੈ ਕਿ ਸਰਕਾਰ ਮੁਫਤ ਰਾਸ਼ਨ ਪਾਣੀ ਬਿਜਲੀ ਦੇਣ ਦੀ ਬਜਾਏ ਪੱਕਾ ਰੁਜ਼ਗਾਰ ਦੇਣ ਦਾ ਪ੍ਰਬੰਧ ਕਰੇ ਜੇਕਰ ਤਨਖਾਹ ਚੰਗੀ ਮਿਲ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਲੈ ਲੈਣਗੇ
ਸੋਨੂ ਕਕੋ ਨੇ ਦੱਸਿਆ ਕਿ ਉਹ 20 ਸਾਲ ਚੋਂ ਦਿਹਾੜੀ ਕਰਦੇ ਆ ਰਹੇ ਹਨ ਉਸਦੇ ਦੋ ਬੱਚੇ ਸਕੂਲ ਵਿੱਚ ਪੜ੍ਹਦੇ ਹਨ ਪਰ ਕੋਈ ਪੱਕਾ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੋ ਸਕਿਆ | ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਮਜ਼ਦੂਰ ਰਾਹੁਲ ਉਮਰ 25 ਸਾਲ ਵਾਸੀ ਕੱਚਾ ਟੋਬਾ ਨੇ ਦੱਸਿਆ ਕਿ ਉਹ ਨੌ ਕਲਾਸਾਂ ਤੱਕ ਪੜਿਆ ਹੈ ਉਹ ਵੋਟ ਪਾਉਂਦਾ ਜਰੂਰ ਹੈ ਪਰ ਵੋਟ ਪਾਉਣ ਦੇ ਅਜੇ ਤੱਕ ਕਿਰਤੀ ਸਮਾਜ ਨੂੰ ਕ਼ੋਈ ਬਹੁਤਾ ਲਾਭ ਨਹੀਂ ਹੋ ਸਕਿਆ ਵੋਟਾਂ ਲੈ ਕੇ ਰਾਜਨੀਤਿਕ ਲੋਕ ਸਰਕਾਰਾਂ ਬਣਾ ਲੈਂਦੇ ਹਨ ਅਤੇ ਪੱਕੀਆਂ ਪੈਨਸ਼ਨਾਂ ਵੀ ਲੈ ਲੈਂਦੀਆਂ ਹਨ ਪਰ ਆਮ ਲੋਕਾਂ ਨੂੰ ਪੱਕੀਆਂ ਪੈਨਸ਼ਨਾਂ ਲੱਗ ਸਕੀਆਂ ਇਥੋਂ ਤੱਕ ਕਿ ਸਿੱਖਿਆ ਅਤੇ ਡਾਕਟਰੀ ਇਲਾਜ ਦਾ ਪੁਖਤਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ |
ਲੇਬਰ ਚੌਂਕ ਹੁਸ਼ਿਆਰਪੁਰ ਵਿੱਚ ਦੇਸ਼ ਚੱਲ ਰਹੇ ਵੋਟਾਂ ਦੀ ਮਾਹੌਲ ਬਾਰੇ ਆਪਣੇ ਵਿਚਾਰ ਦੇ ਰਹੇ 80 ਸਾਲਾ ਬਜ਼ੁਰਗ ਕਸ਼ਮੀਰੀ ਲਾਲ
ਅਤੇ ਹੋਰ ਦਿਹਾੜੀਦਾਰ ਮਜ਼ਦੂਰ
ਫੋਟੋ : ਅਜਮੇਰ ਦੀਵਾਨਾ