ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਲ ਇੰਡੀਆ ਰੇਡੀਓ ਤੇ 30 ਜੂਨ ਨੂੰ ਕੀਤੀ ਜਾਵੇਗੀ “ਮਨ ਕੀ ਬਾਤ”
ਦਿੱਲੀ (ਬਿਊਰੋ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ 30 ਜੂਨ ਨੂੰ ਆਪਣਾ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਕਰਨਗੇ। ਇਸ ਪ੍ਰੋਗਰਾਮ ਰਾਹੀਂ ਪੀ ਐੱਮ ਮੋਦੀ ਇੱਕ ਵਾਰ ਫਿਰ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਉਹਨਾਂ ਤੋਂ ਸੁਝਾਅ ਮੰਗਣਗੇ।
ਉਹਨਾਂ ਨੇ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਚੋਣਾਂ ਕਾਰਨ ਕੁਝ ਮਹੀਨਿਆਂ ਦੇ ਵਕਫੇ ਤੋਂ ਬਾਅਦ ‘ਮਨ ਕੀ ਬਾਤ’ ਦੀ ਇਕ ਵਾਰ ਫਿਰ ਵਾਪਸੀ ਹੋ ਰਹੀ ਹੈ। ਇਸ ਮਹੀਨੇ ਦਾ ਪ੍ਰੋਗਰਾਮ 30 ਜੂਨ ਨੂੰ ਹੋਵੇਗਾ। ਇਹ ਮਨ ਕੀ ਬਾਤ ਦਾ 111ਵਾਂ ਐਪੀਸੋਡ ਹੋਵੇਗਾ।ਤੁਸੀਂ ਸਾਰੇ ਇਸ ਪ੍ਰੋਗਰਾਮ ਲਈ 1800117800 ‘ਤੇ ਵੀ ਆਪਣਾ ਸੁਨੇਹਾ ਰਿਕਾਰਡ ਕਰ ਸਕਦੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨ ਲਈ ਆਲ ਇੰਡੀਆ ਰੇਡੀਓ ‘ਤੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਸ਼ੁਰੂ ਕੀਤਾ ਸੀ। ਇਹ ਪ੍ਰੋਗਰਾਮ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਵੀ ਹਰ ਮਹੀਨੇ ਪ੍ਰਸਾਰਿਤ ਹੁੰਦਾ ਸੀ। ਉਨ੍ਹਾਂ ਦਾ ਦੂਜਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਇਹ ਪ੍ਰੋਗਰਾਮ ਉਦੋਂ ਬੰਦ ਕਰ ਦਿੱਤਾ ਗਿਆ ਸੀ, ਜਦੋਂ ਪਿਛਲੇ ਮਾਰਚ ਵਿੱਚ ਆਮ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ। ਸ਼੍ਰੀ ਮੋਦੀ ਨੇ ਇਸ ਮਹੀਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ ਅਤੇ ਇਸ ਮਹੀਨੇ ਤੋਂ ਹੀ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਦਾ ਪ੍ਰਸਾਰਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।