ਈਦ ਮਿਲਨ ਪਾਰਟੀ ਵਰਗੇ ਜਸ਼ਨਾਂ ਨਾਲ ਆਪਸੀ ਭਾਈਚਾਰਾ, ਪਿਆਰ ਸਨੇਹ ਅਤੇ ਗੁਆਂਢੀਆਂ ਨਾਲ ਦੋਸਤਾਨਾ ਸੰਬੰਧ ਵੱਧਦੇ ਹਨ : ਅਹਿਮਦੀਆ ਮੁਸਲਿਮ ਜਮਾਤ
ਹੁਸ਼ਿਆਰਪੁਰ 24 ਜੂਨ ( ਤਰਸੇਮ ਦੀਵਾਨਾ ) ਮੁਹੰਮਦ ਇਨਾਮ ਗੌਰੀ ਪ੍ਰਧਾਨ ਅਹਿਮਦੀਆ ਜਮਾਤ ਭਾਰਤ ਦੀ ਪ੍ਰਧਾਨਗੀ ਹੇਠ ਹੋਟਲ ਪ੍ਰੈਜ਼ੀਡੈਂਸੀ ਹੁਸ਼ਿਆਰਪੁਰ ਵਿਖੇ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਵੱਲੋਂ ਈਦ ਮਿਲਨ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਹਿੱਸਾ ਲਿਆ। ਹੁਸ਼ਿਆਰਪੁਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਈਦ ਮਿਲਨ ਪਾਰਟੀ ਵਰਗੇ ਜਸ਼ਨਾਂ ਨਾਲ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਸਨੇਹ ਵੱਧਦਾ ਹੈ ਅਤੇ ਗੁਆਂਢੀਆਂ ਨਾਲ ਦੋਸਤਾਨਾ ਸਬੰਧ ਵੱਧਦੇ ਹਨ। ਜਿੱਥੇ ਇਸਲਾਮ ਮੁਸਲਮਾਨਾਂ ਨੂੰ ਆਪਣੇ ਸਾਥੀਆਂ ਅਤੇ ਗੁਆਂਢੀਆਂ ਦੇ ਦੁੱਖਾਂ ਚ ਸ਼ਾਮਿਲ ਹੋਣ ਅਤੇ ਉਨ੍ਹਾਂ ਨੂੰ ਦੂਰ ਕਰਨ ਦਾ ਹੁਕਮ ਦਿੰਦਾ ਹੈ, ਉੱਥੇ ਉਨ੍ਹਾਂ ਨੂੰ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਵੀ ਉਤਸ਼ਾਹਿਤ ਕਰਦਾ ਹੈ। ਇਸ ਸਿੱਖਿਆ ਦੇ ਅਭਿਆਸ ਦੇ ਨਤੀਜੇ ਵਜੋਂ, ਮਨੁੱਖ ਸੰਸਾਰ ਵਿੱਚ ਨਿਆਂ ਪ੍ਰਣਾਲੀ ਸਥਾਪਿਤ ਕਰ ਸਕਦਾ ਹੈ।
ਇਸ ਮੌਕੇ ਅਨੁਰਾਗ ਸੂਦ , ਅਵਿਨਾਸ਼ ਰਾਏ ਖੰਨਾ , ਤੁਕਾਰਾਮ ਸੂਦ , ਸਲੀਮ ਸੁਲੇਮਾਨੀ , ਸੁਖਦੇਵ ਸਿੰਘ ਬੇਦੀ ਅਤੇ ਅਭਿਨਵ ਚੋਪੜਾ ਨੇ ਆਪਣੇ ਸੰਬੋਧਨ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦਾ ਸੰਦੇਸ਼ ਦਿੱਤਾ। ਆਪਣੇ ਸੰਬੋਧਨ ਵਿੱਚ, ਅਹਿਮਦੀਆ ਮੁਸਲਿਮ ਜਮਾਤ ਦੇ ਪ੍ਰਧਾਨ ਮੁਹੰਮਦ ਇਨਾਮ ਗੌਰੀ ਨੇ ਕਿਹਾ, “ਜਮਾਤ-ਏ-ਅਹਿਮਦੀਆ ਦੀ ਸਥਾਪਨਾ ਦਾ ਅਸਲ ਉਦੇਸ਼ ਪਰਮਾਤਮਾ ਨਾਲ ਮਨੁੱਖਤਾ ਦੇ ਸਬੰਧਾਂ ਨੂੰ ਸਥਾਪਿਤ ਕਰਨਾ ਅਤੇ ਮਨੁੱਖਤਾ ਵਿੱਚ ਪਿਆਰ, ਮੁਹੱਬਤ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨਾ ਹੈ। ਇਸ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਅਹਿਮਦੀਆ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਪ੍ਰਗਟ ਹੋਏ। ਇਸ ਮਿਸ਼ਨ ਨੂੰ ਪੂਰਾ ਕਰਨ ਲਈ, ਜਮਾਤ-ਏ-ਅਹਿਮਦੀਆ ਦੁਨੀਆ ਭਰ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ, ‘ਮੁਹੱਬਤ ਸਾਰਿਆਂ ਨਾਲ,ਨਫ਼ਰਤ ਕਿਸੇ ਨਾਲ ਨਹੀਂ’ ਦਾ ਨਾਅਰਾ ਲਗਾਉਂਦੀ ਹੈ। ਭਾਰਤ ਵਿਭਿੰਨ ਸੱਭਿਆਚਾਰਾਂ ਅਤੇ ਧਰਮਾਂ ਦਾ ਦੇਸ਼ ਹੈ ਜਿੱਥੇ ਲੋਕ ਇੱਕ ਦੂਜੇ ਦੀਆਂ ਖੁਸ਼ੀਆਂ ਅਤੇ ਦੁੱਖਾਂ ਵਿੱਚ ਹਿੱਸਾ ਲੈਂਦੇ ਹਨ। ਈਦ ਮਿਲਨ ਵਰਗੇ ਤਿਉਹਾਰ ਆਪਸੀ ਭਾਈਚਾਰੇ ਅਤੇ ਪਿਆਰ ਨੂੰ ਵਧਾਉਂਦੇ ਹਨ। ਇਸ ਨਾਲ ਗੁਆਂਢੀਆਂ ਨਾਲ ਦੋਸਤਾਨਾ ਸਬੰਧ ਮਜ਼ਬੂਤ ਹੁੰਦੇ ਹਨ ਅਤੇ ਵੱਖ-ਵੱਖ ਸਭਿਆਚਾਰਾਂ ਦੇ ਲੋਕਾਂ ਵਿੱਚ ਏਕਤਾ ਸਥਾਪਿਤ ਹੁੰਦੀ ਹੈ ਅਤੇ ਆਪਸੀ ਜਾਣ-ਪਛਾਣ ਅਤੇ ਵਿਚਾਰ ਵਟਾਂਦਰੇ ਦਾ ਮੌਕਾ ਹੁੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਤੋਂ ਮੁਹੰਮਦ ਅਹਸਨ ਗੌਰੀ, ਅਤਾਉਲ ਮੋਮਿਨ, ਨਸਰੂਮੀਨੱਲਾਹ, ਸੱਯਦ ਜ਼ੁਬੈਰ, ਸੱਯਦ ਅਜ਼ੀਜ਼ ਆਦਿ ਅਤੇ ਹੁਸ਼ਿਆਰਪੁਰ ਤੋਂ ਤਰਸੇਮ ਦੀਵਾਨਾ, ਸ਼ੇਖ ਮੰਨਾਨ, ਬਲਵੀਰ ਸਿੰਘ ਸ਼ੈਣੀ,ਗੁਰਵਿੰਦਰ ਸਿੰਘ ਪਲਾਹਾ, ਪੁਰਸ਼ੋਤਮ ਲਾਲ ਦੜੋਚ, ਹਰਸ਼ਵਰਧਨ ਪਠਾਨੀਆ ਆਦਿ ਸ਼ਾਮਿਲ ਹੋਏ।
ਫੋਟੋ : ਅਜਮੇਰ ਦੀਵਾਨਾ