ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰਾਂ ਗੰਭੀਰਤਾ ਨਾਲ ਠੋਸ ਨੀਤੀ ਬਣਾਉਣ: ਡਾ: ਰਮਨ ਘਈ
– ਯੂਥ ਸਿਟੀਜ਼ਨ ਕੌਂਸਲ ਪੰਜਾਬ ਨੇ ਨਸ਼ਿਆਂ ਖਿਲਾਫ ਕੱਢਿਆ ਰੋਸ ਮਾਰਚ।
ਹੁਸ਼ਿਆਰਪੁਰ 27 ਜੂਨ (ਤਰਸੇਮ ਦੀਵਾਨਾ ) ਯੂਥ ਸਿਟੀਜ਼ਨ ਕੌਂਸਲ ਪੰਜਾਬ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਧਾਨ ਡਾ: ਪੰਕਜ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਮਿਸ਼ਾਲ ਮਾਰਚ ਕੱਢਿਆ ਗਿਆ। ਇਸ ਮੌਕੇ ਕੌਸਲ ਦੇ ਸੂਬਾ ਪ੍ਰਧਾਨ ਡਾ: ਰਮਨ ਘਈ ਹਾਜ਼ਰ ਸਨ ਅਤੇ ਉਨ੍ਹਾਂ ਵਰਕਰਾਂ ਨੂੰ ਨਸ਼ਿਆਂ ਵਿਰੁੱਧ ਲੜਾਈ ‘ਚ ਪੰਜਾਬ ਪੁਲਿਸ ਦਾ ਪੂਰਾ ਸਾਥ ਦੇਣ ਦਾ ਸੱਦਾ ਦਿੱਤਾ | ਡਾ: ਘਈ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਨਸ਼ਾ ਇੱਕ ਕਾਲੇ ਧੱਬੇ ਵਾਂਗ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਗੰਭੀਰਤਾ ਨਾਲ ਠੋਸ ਨੀਤੀ ਬਣਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ ਅਤੇ ਇਸ ਕਾਲੇ ਨਸ਼ੇ ਦੇ ਕਾਰੋਬਾਰ ਵਿੱਚ ਪਾਕਿਸਤਾਨ ਦੇ ਨਾਲ-ਨਾਲ ਕਈ ਸਥਾਨਕ ਵਾਸੀ ਵੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਯੂਥ ਸਿਟੀਜ਼ਨ ਕੌਂਸਲ ਪੰਜਾਬ ਦਾ ਹਰ ਵਰਕਰ ਲੋਕਾਂ ਦੇ ਸਹਿਯੋਗ ਨਾਲ ਆਪੋ-ਆਪਣੇ ਇਲਾਕਿਆਂ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਚਲਾ ਕੇ ਪੁਲੀਸ ਦਾ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਪੁੱਟ ਕੇ ਪੰਜਾਬ ਨੂੰ ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਨਸ਼ਿਆਂ ਵਿਰੁੱਧ ਲੜਨ ਦੀ ਸਹੁੰ ਵੀ ਚੁਕਾਈ। ਨਸ਼ਿਆਂ ਵਿਰੁੱਧ ਕੱਢੇ ਗਏ ਇਸ ਮਿਸਾਲੀ ਮਾਰਚ ਮੌਕੇ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਡਾ: ਪੰਕਜ ਸ਼ਰਮਾ ਨੇ ਕਿਹਾ ਕਿ ਯੂਥ ਸਿਟੀਜ਼ਨ ਕੌਂਸਲ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋਣ ਤੱਕ ਆਰਾਮ ਨਹੀਂ ਕਰੇਗੀ ਅਤੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਅਸੀਂ ਸਾਰੇ ਪੁਲਿਸ ਤੇ ਸਰਕਾਰ ਦਾ ਸਾਥ ਦੇਵਾਂਗੇ | ਨਸ਼ਾ ਇਸ ਮਿਸ਼ਾਲ ਮਾਰਚ ਵਿੱਚ ਮਨੋਜ ਸ਼ਰਮਾ, ਡਾ: ਰਾਜ ਕੁਮਾਰ ਸੈਣੀ, ਅਸ਼ਵਨੀ ਓਹਰੀ, ਰਮਨੀਸ਼ ਘਈ, ਡਾ: ਵਸ਼ਿਸ਼ਟ ਕੁਮਾਰ, ਗੁਰਪ੍ਰੀਤ ਧਾਮੀ, ਜਸਵੀਰ ਸਿੰਘ, ਕੁਲਦੀਪ ਧਾਮੀ, ਅਸ਼ੋਕ ਗੋਲਡੀ, ਮਨਜਿੰਦਰ ਅਟਵਾਲ, ਦਲਜੀਤ ਸਿੰਘ, ਅਸ਼ੋਕ ਸ਼ਰਮਾ, ਦਲਜੀਤ ਧੀਮਾਨ, ਪਰਮਜੀਤ ਸਿੰਘ, ਘਨਸ਼ਾਮ ਕੁਮਾਰ, ਤਨਿਸ਼ ਸ਼ਰਮਾ, ਬਬਲੂ ਸਿੰਘ ਆਦਿ ਹਾਜ਼ਰ ਸਨ।
ਫੋਟੋ : ਅਜ਼ਮੇਰ ਦੀਵਾਨਾ