ਜ਼ਿਲ੍ਹਾ ਪੁਲਿਸ ਵੱਲੋਂ ਜੂਨ ਮਹੀਨੇ ’ਚ ਐਨ.ਡੀ.ਪੀ.ਐਸ ਐਕਟ ਤਹਿਤ 83 ਮੁਕੱਦਮੇ ਕੀਤੇ ਦਰਜ : ਐਸ. ਐਸ. ਪੀ ਲਾਂਬਾ
-ਦੋਸ਼ੀਆਂ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ, ਅਫੀਮ, ਚਰਸ, ਗਾਂਜਾ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ
ਹੁਸ਼ਿਆਰਪੁਰ, 3 ਜੁਲਾਈ ( ਤਰਸੇਮ ਦੀਵਾਨਾ )
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਬੀਤੇ ਜੂਨ ਮਹੀਨੇ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਐਸ. ਪੀ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ ਵਿਚ ਐਨ.ਡੀ.ਪੀ.ਐਸ ਐਕਟ ਤਹਿਤ ਜੂਨ 2024 ਦੌਰਾਨ ਕੁੱਲ 83 ਮੁਕੱਦਮੇ ਦਰਜ ਕਰਕੇ 108 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਹੋਏ 43 ਮੁਕੱਦਮਿਆਂ ਵਿਚ ਧਾਰਾ 29 ਐਨ.ਡੀ.ਪੀ.ਐਸ ਐਕਟ ਤਹਿਤ 42 ਹੋਰ ਦੋਸ਼ੀ ਨਾਮਜ਼ਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ 531 ਗ੍ਰਾਮ ਹੈਰੋਇਨ, 3 ਕਿਲੋ 390 ਗ੍ਰਾਮ ਅਫੀਮ, 900 ਗ੍ਰਾਮ ਚਰਸ, 2 ਕਿਲੋ 800 ਗ੍ਰਾਮ ਗਾਂਜਾ, 2 ਕਿਲੋ 860 ਗ੍ਰਾਮ ਨਸ਼ੀਲਾ ਪਾਊਡਰ, 43 ਟੀਕੇ ਅਤੇ 4804 ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।
ਫੋਟੋ : ਅਜ਼ਮੇਰ ਦੀਵਾਨਾ