ਮ੍ਰਿਤਕ ਕਿਸਾਨ ਦੇ ਨਾਮ ‘ਤੇ ਕਰਜ਼ਾ ਲੈਣ ਦੇ ਮਾਮਲੇ ‘ਚ ਸਹਿਕਾਰੀ ਬੈਂਕ ਦੇ ਪੰਜ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਮ੍ਰਿਤਕ ਕਿਸਾਨ ਦੇ ਨਾਮ ‘ਤੇ ਕਰਜ਼ਾ ਲੈਣ ਦੇ ਮਾਮਲੇ ‘ਚ ਸਹਿਕਾਰੀ ਬੈਂਕ ਦੇ ਪੰਜ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

Oplus_131072

ਹੁਸ਼ਿਆਰਪੁਰ, 22 ਜੁਲਾਈ ( ਤਰਸੇਮ ਦੀਵਾਨਾ )

ਪੰਜਾਬ ਵਿਜੀਲੈਂਸ ਬਿਊਰੋ ਨੇ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਰੂਪੋਵਾਲ, ਜਿਲਾ ਹੁਸ਼ਿਆਰਪੁਰ ਦੇ ਪੰਜ ਕਰਮਚਾਰੀਆਂ ਨੂੰ ਇਕ ਮ੍ਰਿਤਕ ਮੈਂਬਰ ਦੇ ਨਾਮ ਉਤੇ ਕਰਜ਼ਾ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਸਹਿਕਾਰੀ ਸਭਾ ਧੁੱਗਾ ਕਲਾਂ ਦੇ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਵਿਚ ਯੁੱਧਵੀਰ ਸਿੰਘ, ਸਾਬਕਾ ਇੰਸਪੈਕਟਰ ਅਤੇ ਮੌਜੂਦਾ ਸਹਾਇਕ ਰਜਿਸਟਰਾਰ, ਸਹਿਕਾਰੀ ਬੈਂਕ ਦਸੂਹਾ, ਰਵਿੰਦਰ ਸਿੰਘ ਕਲਰਕ-ਕਮ ਕੈਸ਼ੀਅਰ, ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ, ਤਹਿਸੀਲ ਦਸੂਹਾ, ਜੋ ਹੁਣ ਲੇਖਾਕਾਰ ਵਜੋਂ ਸਹਿਕਾਰੀ ਬੈਂਕ ਲਿਮਟਿਡ ਸ਼ਾਖਾ ਸੀਕਰੀ, ਹੁਸ਼ਿਆਰਪੁਰ ਵਿਖੇ ਤਾਇਨਾਤ ਹਨ, ਸਮੇਤ ਮਨਜੀਤ ਸਿੰਘ ਕੈਸ਼ੀਅਰ (ਸੇਵਾਮੁਕਤ), ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਅਤੇ ਇਸੇ ਬੈਂਕ ਦੇ ਅਵਤਾਰ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਸਮੇਤ ਪਰਮਜੀਤ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਨੂੰ ਗ੍ਰਿਫ਼ਤਾਰ ਕੀਤਾ ਹੈ।

 

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਮੁਲਜ਼ਮ ਅਜੈਬ ਸਿੰਘ ਸਕੱਤਰ ਸਹਿਕਾਰੀ ਸਭਾ ਪਿੰਡ ਧੁੱਗਾ ਕਲਾਂ ਜ਼ਿਲਾ ਹੁਸ਼ਿਆਰਪੁਰ ਸਮੇਤ ਮੈਂਬਰ ਨਿਰੰਜਨ ਸਿੰਘ ਅਤੇ ਤਰਸੇਮ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿੰਨਾ ਵਿਰੁੱਧ ਇਸ ਸਬੰਧੀ ਬਿਊਰੋ ਵੱਲੋਂ ਪਹਿਲਾਂ ਹੀ ਧਾਰਾ 409, 420, 465, 466, 467, 468, 471, 120-ਬੀ ਆਈ.ਪੀ.ਸੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 3(1) (ਏ) ਅਧੀਨ 13(2) ਅਧੀਨ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਕੇਸ ਦਰਜ ਹੈ।

 

ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਉਕਤ ਕੈਸ਼ੀਅਰ ਅਜਾਇਬ ਸਿੰਘ ਨੂੰ ਪਿੰਡ ਧੁੱਗਾ ਕਲਾਂ ਦੇ ਰਹਿਣ ਵਾਲੇ ਸੁਸਾਇਟੀ ਦੇ ਮ੍ਰਿਤਕ ਮੈਂਬਰ ਗੁਲਜ਼ਾਰ ਸਿੰਘ ਦੇ ਨਾਂ ‘ਤੇ 1,92,000 ਰੁਪਏ ਦਾ ਕਰਜ਼ਾ ਲੈਣ ਦੇ ਦੋਸ਼ ਹੇਠ ਸਹਿਕਾਰੀ ਸਭਾ ਦੇ ਹੋਰ ਅਧਿਕਾਰੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਸੈਕਟਰੀ ਅਜੈਬ ਸਿੰਘ ਨੇ ਸੁਸਾਇਟੀ ਦਾ ਸਾਰਾ ਕਰਜ਼ਾ ਮ੍ਰਿਤਕ ਗੁਲਜ਼ਾਰ ਸਿੰਘ ਦੇ ਖਾਤੇ ‘ਚ ਜਮ੍ਹਾ ਕਰਵਾ ਦਿੱਤਾ ਸੀ ਅਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਉਸੇ ਮਿਤੀ ਨੂੰ ਉਸ ਦੇ ਨਾਂ ‘ਤੇ 1,90,000 ਰੁਪਏ ਦਾ ਕਰਜ਼ਾ ਦੁਬਾਰਾ ਲਿਆ ਸੀ। ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਆਪਣੀ ਗ੍ਰਿਫਤਾਰੀ ਦੇ ਡਰੋਂ ਉਸਨੇ ਉਕਤ ਬੈਂਕ ਨੂੰ ਵਿਆਜ ਸਮੇਤ ਸਾਰਾ ਕਰਜ਼ਾ 2,26,315 ਰੁਪਏ ਲੱਖ ਰੁਪਏ ਜਮ੍ਹਾ ਕਰਵਾ ਦਿੱਤਾ ਸੀ।

ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਤਿੰਨ ਦੋਸ਼ੀਆਂ ਅਜੈਬ ਸਿੰਘ ਅਤੇ ਮੈਂਬਰਾਂ ਨਿਰੰਜਨ ਸਿੰਘ ਅਤੇ ਤਰਸੇਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਡੂੰਘਾਈ ਨਾਲ ਜਾਂਚ ਕੀਤੀ ਗਈ, ਜਿਸ ‘ਚ ਪਾਇਆ ਗਿਆ ਕਿ ਉਕਤ ਪੰਜਾਂ ਕਰਮਚਾਰੀਆਂ ਨੇ ਆਪਸ ‘ਚ ਮਿਲੀਭੁਗਤ ਕਰਕੇ ਸਭਾ ਦੇ ਇਕ ਮ੍ਰਿਤਕ ਮੈਂਬਰ ਦੇ ਨਾਂ ‘ਤੇ ਇਹ ਕਰਜ਼ਾ ਮਨਜ਼ੂਰ ਕਰਵਾਉਣ ਤੇ ਜਮਾਂ ਕਰਵਾਉਣ ਲਈ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਨਾਲ ਧੋਖਾਦੇਹੀ ਕੀਤੀ ਸੀ।

ਫੋਟੋ : ਅਜਮੇਰ ਦੀਵਾਨਾ

Leave a Reply

Your email address will not be published. Required fields are marked *