ਯੂਥ ਅਕਾਲੀ ਦਲ ਬਾਦਲ ਵੱਲੋਂ ਹੁਸ਼ਿਆਰਪੁਰ ਸ਼ਹਿਰ ਵਿੱਚ ਇੱਕ ਹਜਾਰ ਬੂਟੇ ਵੰਡੇ ਗਏ : ਇੰਦਰਜੀਤ ਕੰਗ
ਆਉਣ ਵਾਲੀ ਪੀੜ੍ਹੀ ਲਈ ਵਾਤਾਵਰਣ ਬਚਾਉਣ ਦੀ ਜਰੂਰਤ-ਲਾਲੀ ਬਾਜਵਾ,
ਹੁਸ਼ਿਆਰਪੁਰ 1 ਅਗਸਤ ( ਤਰਸੇਮ ਦੀਵਾਨਾ ) ਜਿਲ੍ਹਾ ਯੂਥ ਅਕਾਲੀ ਦਲ ਬਾਦਲ ਵੱਲੋਂ ਜਿਲ੍ਹਾ ਪ੍ਰਧਾਨ ਦਿਹਾਤੀ ਇੰਦਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਬੂਟੇ ਵੰਡਣ ਦੀ ਚਲਾਈ ਗਈ ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਰਹਿਨੁਮਾਈ ਵਿੱਚ ਹੁਸ਼ਿਆਰਪੁਰ ਸ਼ਹਿਰ ਅੰਦਰ ਲੋਕਾਂ ਨੂੰ ਇੱਕ ਹਜਾਰ ਬੂਟੇ ਵੰਡੇ ਗਏ। ਇਸ ਸਮੇਂ ਲਾਲੀ ਬਾਜਵਾ ਨੇ ਜਿਲ੍ਹਾ ਯੂਥ ਅਕਾਲੀ ਦਲ ਦੀ ਟੀਮ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਆਰੰਭੀ ਗਈ ਇਸ ਮੁਹਿੰਮ ਮੁੱਖ ਰੱਖਦਿਆਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਈਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵਾਤਾਵਰਣ ਪ੍ਰਤੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅੱਜ ਮੌਸਮ ਵਿੱਚ ਹੋ ਰਹੀਆਂ ਤਬਦੀਲੀਆਂ ਦੀ ਮਾਰ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਮਾਰ ਨੂੰ ਰੋਕਣ ਲਈ ਮਨੁੱਖ ਨੂੰ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਵੱਧਣਾ ਚਾਹੀਦਾ ਹੈ। ਇਸ ਮੌਕੇ ਇੰਦਰਜੀਤ ਕੰਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਬੂਟੇ ਵੰਡਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਤੇ ਵਾਤਾਵਰਣ ਨੂੰ ਬਚਾਉਣ ਲਈ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇੇ ਮੌਸਮ ਵਿੱਚ ਹੋ ਰਹੀਆਂ ਤਬਦੀਲੀਆਂ ਚਿੰਤਾ ਦਾ ਵਿਸ਼ਾ ਹੈ ਤੇ ਇਸ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਨ ਦੀ ਜਰੂਰਤ ਹੈ, ਉਨ੍ਹਾਂ ਕਿਹਾ ਕਿ ਮਨੁੱਖ ਤੇਜ਼ ਗਤੀ ਨਾਲ ਜ਼ਿੰਦਗੀ ਵਿੱਚ ਅੱਗੇ ਵੱਧਣ ਦੇ ਚੱਕਰ ਵਿੱਚ ਵਾਤਾਵਰਣ ਨਾਲ ਖਿਲਵਾੜ ਕਰ ਰਿਹਾ ਹੈ ਤੇ ਇਸੇ ਕਾਰਨ ਅੱਜ ਹਰੇਕ ਖੇਤਰ ਵਿੱਚ ਗਰਮੀ ਵੱਧ ਰਹੀ ਹੈ ਤੇ ਕਿਤੇ ਠੰਡ, ਕਿਤੇ ਹੜ੍ਹ ਆ ਰਹੇ ਹਨ ਤੇ ਕਿਤੇ ਸੋਕੇ ਦੇ ਹਾਲਾਤ ਬਣ ਰਹੇ ਹਨ, ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਾਤਾਵਰਣ ਦੀ ਸੰਭਾਲ ਕਰੀਏ ਤੇ ਵੱਧ ਤੋਂ ਵੱਧ ਬੂਟੇ ਲਗਾਈਏ। ਇਸ ਮੌਕੇ ਬਲਰਾਜ ਸਿੰਘ ਚੌਹਾਨ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਆਦਿ ਵੀ ਹਾਜਰ ਸਨ।
ਸ਼ਹਿਰ ਵਾਸੀਆਂ ਨੂੰ ਬੂਟੇ ਵੰਡਦੇ ਹੋਏ ਲਾਲੀ ਬਾਜਵਾ, ਇੰਦਰਜੀਤ ਕੰਗ ਤੇ ਹੋਰ। ਫੋਟੋ : ਅਜਮੇਰ ਦੀਵਾਨਾ