ਸਿੱਖਿਆ ਦਾ ਵਪਾਰੀਕਰਨ ਖਤਮ ਕਰਨਾ, ਰਾਖਵਾਂਕਰਨ,ਸੰਵਿਧਾਨ ਬਚਾਉਣਾ ਬਹੁਜਨ ਸਮਾਜ ਲਈ ਗੰਭੀਰ ਚਣੌਤੀਆਂ : ਸੰਤ ਧਰਮਪਾਲ, ਸੰਤ ਹੀਰਾ
ਬਾਣੀ ਨੂੰ ਪੜਨਾ, ਵਿਚਾਰਨਾ ਤੇ ਮੰਨਣਾ ਜਰੂਰੀ : ਭੈਣ ਸੰਤੋਸ਼ ਕੁਮਾਰੀ
ਹੁਸ਼ਿਆਰਪੁਰ 8 ਅਗਸਤ ( ਤਰਸੇਮ ਦੀਵਾਨਾ )ਏਕਤਾ, ਆਪਸੀ ਭਾਈਚਾਰਕ ਸਾਂਝ ਵਿੱਚ ਵਖਰੇਵਿਆਂ ਕਾਰਣ ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਦੇ ਵੱਡੇ ਹਿੱਸੇ ਨੂੰ ਅੱਜ ਦੇਸ਼ ਅੰਦਰ ਗੰਭੀਰ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅੰਗਰੇਜਾਂ ਦੇ ਬੀਜੇ ਬੀਜ “ਪਾੜੋ ਤੇ ਰਾਜ ਕਰੋ” ਦੀ ਕੂਟਨੀਤੀ ਤੇ ਚੱਲ ਰਹੀਆਂ ਸਰਕਾਰਾਂ, ਰਾਜਨੀਤਕ ਪਾਰਟੀਆਂ ਅਤੇ ਧਾਰਮਿਕ ਸੰਗਠਨ ਬਹੁਜਨ ਸਮਾਜ ਨੂੰ ਅਲੱਗ ਅਲੱਗ ਟੁਕੜਿਆਂ, ਗਰੁੱਪਾਂ ਵਿੱਚ ਵੰਡਣ ਦਾ ਜਤਨ ਕਰ ਰਹੇ ਹਨ। ਅੱਜ ਬਹੁਜਨ ਸਮਾਜ ਸਾਹਮਣੇ ਬੱਚਿਆਂ ਦਾ ਭਵਿੱਖ, ਸਿੱਖਿਆ ਦਾ ਵਪਾਰੀਕਰਨ ਰੋਕਣਾ, ਰਾਖਵਾਂਕਰਨ, ਸੰਵਿਧਾਨ ਬਚਾਉਣਾ ਗੰਭੀਰ ਚਣੌਤੀਆਂ ਹਨ ਅਤੇ ਧਾਰਮਿਕ ਮਸਲੇ ਬਹੁਤ ਅਹਿਮ ਹਨ ਜਿਨਾਂ ਨੂੰ ਸਮਾਜ ਦੇ ਸੰਤ ਸਮਾਜ, ਪੜੇ ਲਿਖੇ ਬੁੱਧੀਜੀਵੀ ਲੋਕਾਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਹਲ ਕਰਨਾ ਚਾਹੀਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਧਾਮ ਸੰਤ ਚਾਨਣ ਪੁਰੀ ਸ਼ੇਰਗੜ ਵਿਖੇ ਸੰਤ ਧਰਮਪਾਲ ਸੇਵਾ ਮੁਕਤ ਪ੍ਰਿੰਸੀਪਲ, ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਗੁਰੂ ਹੈ ਅਤੇ ਜਿਨਾਂ ਦੀ ਬਾਣੀ ਦਰਜ ਹੈ ਉਹ ਵੀ ਗੁਰੂ ਹਨ। ਮਨੁੱਖ ਭਾਵੇਂ ਜਿੰਨਾ ਮਰਜੀ ਵੱਡਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਰੁਤਬਾ ਰੱਖਦਾ ਹੋਵੇ ਉਹ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦਾ ਹੈ ਤਾਂ ਉਹ ਉਹਨਾਂ ਸਾਰੇ ਮਹਾਨ ਬਾਣੀ ਉਚਾਰਨ ਵਾਲੇ ਗੁਰੂਆਂ ਸਾਹਮਣੇ ਨਤਮਸਤਕ ਹੁੰਦਾ ਹੈ। ਓਹਨਾਂ ਕਿਹਾ ਕਿਸੇ ਧਾਰਮਿਕ ਸੰਸਥਾ ਨੂੰ ਬੇਲੋੜੇ, ਫੁੱਟਪਾਊ ਬਿਆਨ ਜਾਰੀ ਕਰਕੇ ਮਹੌਲ ਖਰਾਬ ਨਹੀਂ ਕਰਨਾ ਚਾਹੀਦਾ। ਸੰਤ ਧਰਮਪਾਲ, ਸੰਤ ਹੀਰਾ ਨੇ ਕਿਹਾ ਕਿ ਸਿੱਖਿਆ ਦੇ ਵਪਾਰੀਕਰਨ ਨੇ ਗਰੀਬ ਵਿਦਿਆਰਥੀਆਂ ਦਾ ਭਵਿੱਖ ਚਿੰਤਾ ਵਿਚ ਪਾ ਦਿੱਤਾ ਹੈ, ਲੱਖਾਂ ਗਰੀਬ ਵਿਦਿਆਰਥੀ ਫੀਸਾਂ ਨਾ ਭਰ ਸਕਣ ਕਾਰਣ ਪੜਾਈ ਛੱਡ ਚੁੱਕੇ ਹਨ। ਉਨਾਂ ਕਿਹਾ ਕਿ ਰਾਜਾਂ ਨੂੰ ਅਨੁਸੂਚਿਤ ਜਾਤੀ ‘ਚ ਉਪ ਜਾਤਾਂ ਬਣਾਉਣ ਅਤੇ ਕ੍ਰੀਮੀ ਲੇਅਰ ਨੂੰ ਬਾਹਰ ਕੱਢਣ ਦਾ ਅਦਾਲਤ ਦਾ ਫੈਂਸਲਾ ਸਾਰੇ ਬਹੁਜਨ ਸਮਾਜ ਲਈ ਗੰਭੀਰ ਮਸਲਾ ਹੈ ਕਿਓਂਕਿ ਜਿਹੜਾ ਵੀ ਸਰਦਾ ਪੁੱਜਦਾ ਜਿਹਦੀ ਆਮਦਨ ਸਲਾਨਾ ਅੱਠ ਲੱਖ ਤੋਂ ਵੱਧ ਹੈ ਉਹ ਰਾਖਵਾਂਕਰਨ ਦਾ ਹੱਕਦਾਰ ਨਹੀਂ ਹੋਵੇਗਾ। ਉਨਾਂ ਕਿਹਾ ਸਾਰੇ ਅਨੁਸੂਚਿਤ ਜਾਤੀ ਸਮਾਜ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਇਨਾਂ ਗੰਭੀਰ ਚਣੌਤੀਆਂ ਦਾ ਮੁਕਾਬਲਾ ਅਤੇ ਹੱਲ ਕੱਢਣ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਨਾ, ਵਿਚਾਰਨਾ ਅਤੇ ਮੰਨਣਾ ਇਹ ਹਰ ਪ੍ਰਾਣੀ ਦਾ ਫਰਜ ਹੈ, ਕਿਉਂਕਿ ਬਾਣੀ ਮਨੁੱਖ ਨੂੰ ਆਤਮਿਕ ਸ਼ਾਂਤੀ ਦੇ ਨਾਲ ਨਾਲ ਜੀਵਨ ਜਿਉਣ ਦੀ ਜਾਂਚ ਸਿਖਾਉਂਦੀ ਹੈ। ਸਤਿਗੁਰੂ ਰਵਿਦਾਸ ਮਹਾਰਾਜ “ਪੜੀਏ ਗੁਣੀਐ ਨਾਮ ਸਭ ਸੁਣਿਐ” ਅਤੇ “ਮਾਧੋ ਅਵਿਦਿਆ ਹਿੱਤ ਕੀਨ ਵਿਵੇਕ ਦੀਪ ਮਲੀਨ” ਅਤੇ “ਸਤਿਸੰਗਤ ਮਿਲ ਰਹੀਏ ਮਾਧੋ ਜੈਸੇ ਮਧਪੁ ਮਖੀਰਾ” ਸਤਿਗੁਰਾਂ ਦੀ ਬਾਣੀ ਸਿੱਖਿਅਤ ਹੋਣ,ਇਕ ਪਲੇਟਫਾਰਮ ਤੇ ਇਕੱਠੇ ਹੋਣ ਅਤੇ ਆਪਣੇ ਮਾਨਵੀ ਅਧਿਕਾਰਾਂ ਲਈ ਸੰਘਰਸ਼ ਕਰਨ ਦਾ ਸੁਨੇਹਾ ਦਿੰਦੀ ਹੈ। ਇਸ ਮੌਕੇ ਸੰਤ ਸਤਨਾਮ ਦਾਸ, ਰਾਮ ਪਾਲ, ਰਮੇਸ਼ ਲਾਲ , ਰਾਜ ਕੁਮਾਰ, ਬੀਬੀ ਪੂਨਮ ਹੀਰਾ, ਵੈਦ ਬਲਜਿੰਦਰ, ਸੰਤ ਮਨਜੀਤ ਦਾਸ ਵਿਛੋਹੀ ਵੀ ਹਾਜਰ ਸੀ।
ਫੋਟੋ : ਅਜਮੇਰ ਦੀਵਾਨਾ