ਕੁੜੀਆਂ ਵੱਲੋਂ ਮਨਾਇਆ ਜਾ ਰਿਹਾ ਸੀ ਤੀਆਂ ਦਾ ਤਿਉਹਾਰ ਇੱਕ ਕਿਸਾਨ ਵੱਲੋਂ ਟਰੈਕਟਰ ਟਰਾਲੀ ਲਾ ਕੇ ਤੀਆਂ ਰੋਕਣ ਦੀ ਕੀਤੀ ਕੋਸ਼ਿਸ਼
ਬਿਲਗਾ (ਬਿਊਰੋ)ਨਗਰ ਬਿਲਗਾ ਵਿਖੇ ਮਨਾਇਆ ਜਾ ਰਿਹਾ ਤੀਆਂ ਦੇ ਤਿਉਹਾਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋ ਇਕ ਕਿਸਾਨ ਬੂਟਾ ਸਿੰਘ ਵਲੋਂ ਸ਼ਾਮ ਨੂੰ ਆਪਣੀ ਟ੍ਰੈਕਟਰ ਟਰਾਲੀ ਲਗਾ ਕੇ ਤੀਆਂ ਰੋਕਣ ਦੀ ਕੋਸ਼ਿਸ ਕੀਤੀ। ਕਿਸਾਨ ਵਲੋਂ ਟਰਾਲੀ ਨਾ ਪਰੇ ਕਰਨ ਤੇ ਬੀਬੀਆਂ ਵਲੋਂ ਤੀਆਂ ਵਾਲੇ ਚੌਂਕ ਵਿੱਚ ਧਰਨਾ ਲਗਾ ਕੇ ਰਸਤਾ ਜਾਮ ਕੀਤਾ ਗਿਆ ਅਤੇ ਨਾਅਰੇਬਾਜੀ ਕੀਤੀ ਗਈ। ਮਾਮਲਾ ਵਿਗੜਦਾ ਦੇਖ ਥਾਣਾ ਬਿਲਗਾ ਮੁੱਖੀ ਯਾਦਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚ ਗਏ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਕਰਦਿਆਂ ਟ੍ਰੈਕਟਰ ਟਰਾਲੀ ਨੂੰ ਉਥੋਂ ਹਟਾਇਆ ਗਿਆ । ਉਸ ਤੋਂ ਬਾਅਦ ਦੇਰ ਸ਼ਾਮ ਤੀਆ ਫਿਰ ਸ਼ੁਰੂ ਹੋ ਸਕੀਆਂ। ਇਸ ਮੌਕੇ ਤੇ ਥਾਣਾ ਮੁੱਖੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਗਾ ਦਾ ਪੰਚਾਇਤ ਅਤੇ ਬੂਟਾ ਸਿੰਘ ਵਿਚਕਾਰ ਝਗੜਾ ਚੱਲ ਰਿਹਾ ਹੈ ਅਤੇ ਦੋਵਾਂ ਹੀ ਪਾਰਟੀਆਂ ਵਲੋਂ ਸਟੇਅ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਹੀ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ ਤਾਂ ਕੇ ਬੈਠ ਕੇ ਗੱਲਬਾਤ ਕਰਵਾਈ ਜਾ ਸਕੇ। ਇਸ ਮੌਕੇ ਤੇ ਪੰਜਾਬੀ ਵਿਰਸਾ (ਬੀਬੀਆਂ) ਦੀ ਪ੍ਰਧਾਨ ਸਤਵੀਰ ਕੌਰ ਨੇ ਦੱਸਿਆ ਕਿ ਅਸੀਂ ਕਰੀਬ 30 ਸਾਲਾਂ ਤੋਂ ਇਹ ਤੀਆਂ ਦਾ ਤਿਉਹਾਰ ਇਥੇ ਹੀ ਮਨਾ ਰਹੀਆਂ ਹਨ ਅਤੇ ਬੂਟਾ ਸਿੰਘ ਵਲੋਂ ਮਾਲਕੀਅਤ ਹੋਣ ਦਾ ਦਾਅਵਾ ਕਰ ਰਿਹਾ ਹੈ। ਪ੍ਰਧਾਨ ਨੇ ਕਿਹਾ ਕਿ ਅਸੀਂ ਦੋ ਵਾਰ ਇਸ ਤੀਆਂ ਵਾਲੀ ਥਾਂ ਦਾ ਕੇਸ ਜਿੱਤ ਚੁੱਕੇ ਹਾਂ ਅਤੇ ਵਾਰ ਵਾਰ ਬੂਟਾ ਸਿੰਘ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਗਲਤ ਸ਼ਬਦਾਵਲੀ ਵਰਤ ਰਿਹਾ ਹੈ।