ਮੁੱਖ ਮੰਤਰੀ ਦਫਤਰ ਵਲੋਂ ਬਾਰ ਬਾਰ ਮੀਟਿੰਗਾਂ ਮੁਲਤਵੀ ਕਰਨ ਤੋਂ ਮੁਲਾਜ਼ਮ ਤੇ ਪੈਨਸ਼ਨਰ ਖਫਾ , 12 ਸਤੰਬਰ ਨੂੰ ਨਹੀਂ ਕਰਨਗੇ ਕੈਬਿਨਟ ਸਬ ਕਮੇਟੀ ਨਾਲ ਮੀਟਿੰਗ , 03 ਸਤੰਬਰ ਨੂੰ ਕਰਨਗੇ ਵਿਧਾਨ ਸਭਾ ਵੱਲ ਮਾਰਚ।*।
ਹੁਸ਼ਿਆਰਪੁਰ, 23 ਅਗਸਤ, ( ਤਰਸੇਮ ਦੀਵਾਨਾ )
23 ਅਗਸਤ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਆਨਲਾਈਨ ਮੀਟਿੰਗ ਫਰੰਟ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ , ਕਰਮ ਸਿੰਘ ਧਨੋਆ, ਸੁਖਦੇਵ ਸਿੰਘ ਸੈਣੀ, ਸਵਿੰਦਰ ਪਾਲ ਸਿੰਘ ਮੋਲੋਵਾਲੀ , ਜਰਮਨਜੀਤ ਸਿੰਘ, ਐਨ.ਕੇ. ਕਲਸੀ, ਜਸਵੀਰ ਤਲਵਾੜਾ, ਰਾਧੇ ਸ਼ਾਮ, ਜਗਦੀਸ਼ ਸਿੰਘ ਚਾਹਲ, ਬੋਬਿੰਦਰ ਸਿੰਘ, ਭਜਨ ਸਿੰਘ ਗਿੱਲ, ਰਣਜੀਤ ਸਿੰਘ ਰਾਣਵਾ, ਰਤਨ ਸਿੰਘ ਮਜਾਰੀ, ਗਗਨਦੀਪ ਸਿੰਘ ਭੁੱਲਰ, ਬਾਜ ਸਿੰਘ ਖਹਿਰਾ, ਦਿਗਵਿਜੇ ਪਾਲ ਸ਼ਰਮਾ ਅਤੇ ਕਰਮਜੀਤ ਸਿੰਘ ਬੀਹਲਾ ਨੇ ਆਖਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ18 ਅਗਸਤ ਨੂੰ ਚੱਬੇਵਾਲ ਅਤੇ ਬਰਨਾਲਾ ਵਿਖੇ ਹੋਈਆਂ ਖੇਤਰੀ ਰੈਲੀਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਮੁੱਖ ਮੰਤਰੀ ਦਫਤਰ ਵੱਲੋਂ ਬਾਰ ਬਾਰ ਮੀਟਿੰਗਾਂ ਮੁਲਤਵੀ ਕਰਨ ਨੂੰ ਲੈ ਕੇ ਬੜੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਆਗੂਆਂ ਆਖਿਆ ਕਿ ਮੁਲਾਜ਼ਮਾਂ / ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਵੱਲੋਂ 01 ਜੁਲਾਈ ਨੂੰ ਕਵਾਨਾ ਕਲੱਬ ਫਗਵਾੜਾ ਵਿਖੇ ਸਾਂਝਾ ਫਰੰਟ ਨਾਲ ਮੀਟਿੰਗ ਕੀਤੀ ਸੀ ਉਸ ਵਿੱਚ ਮੁੱਖ ਮੰਤਰੀ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਸੀ ਕਿ ਚੋਣ ਜਾਬਤਾ ਖਤਮ ਹੋਣ ਉਪਰੰਤ ਸਾਂਝਾ ਫਰੰਟ ਨਾਲ 25 ਜੁਲਾਈ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਭਾਵ ਪੂਰਕ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ। ਪਰੰਤੂ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਦਫਤਰ ਵੱਲੋਂ ਇਹ ਮੀਟਿੰਗ ਮੁਲਤਵੀ ਕਰਕੇ ਮੁੜ 02 ਅਗਸਤ ਦੀ ਮੀਟਿੰਗ ਤੈਅ ਕਰ ਦਿੱਤੀ ਗਈ, ਜਿਹੜੀ ਕਿ ਫਿਰ ਮੁਲਤਵੀ ਕਰ ਦਿੱਤੀ ਗਈ ਅਤੇ ਮੁੜ 22 ਅਗਸਤ ਦੀ ਮੀਟਿੰਗ ਤੈਅ ਕਰ ਦਿੱਤੀ ਗਈ ਹੁਣ 21 ਅਗਸਤ ਨੂੰ ਇਹ ਮੀਟਿੰਗ ਵੀ ਮੁਲਤਵੀ ਕਰਕੇ 12 ਸਤੰਬਰ ਨੂੰ ਕੈਬਨੈਟ ਸਬ ਕਮੇਟੀ ਨਾਲ ਮੀਟਿੰਗ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਆਗੂਆਂ ਆਖਿਆ ਕਿ ਸਾਂਝਾ ਫਰੰਟ ਵੱਲੋਂ ਫੈਸਲਾ ਕੀਤਾ ਗਿਆ ਕਿ ਕੈਬਨਟ ਸਬ ਕਮੇਟੀ ਨਾਲ ਮੀਟਿੰਗ ਨਹੀਂ ਕੀਤੀ ਜਾਵੇਗੀ ਕਿਉਂਕਿ ਇਸ ਪੱਧਰ ਦੀਆਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਜੋ ਕਿ ਅਸਲੋਂ ਹੀ ਬੇਸਿੱਟਾ ਸਿੱਧ ਹੋਈਆਂ ਹਨ। ਇਸ ਅਵਸਥਾ ਵਿੱਚ ਸਾਂਝਾ ਫਰੰਟ ਦੀ ਸਪਸ਼ਟ ਸਮਝਦਾਰੀ ਹੈ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਸਿਰਫ ਤੇ ਸਿਰਫ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿਚ ਹੀ ਸ਼ਮੂਲੀਅਤ ਕੀਤੀ ਜਾਵੇਗੀ। ਆਗੂਆਂ ਇਹ ਵੀ ਆਖਿਆ ਕਿ ਜਦੋਂ ਤੱਕ ਅਜਿਹੀ ਭਾਵ ਪੂਰਕ ਮੀਟਿੰਗ ਰਾਹੀਂ ਸਾਡੀਆਂ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤੱਕ ਸਾਡਾ ਪੜਾਵਾਰ ਸੰਘਰਸ਼ ਜਾਰੀ ਰਹੇਗਾ। ਜਿਸ ਦੇ ਅਗਲੇ ਪੜਾਅ ਵਜੋਂ 03 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਆਗੂਆਂ ਆਖਿਆ ਕਿ ਬਾਰ ਬਾਰ ਮੀਟਿੰਗਾਂ ਮੁਲਤਵੀ ਕਰਨ ਵਿਰੁੱਧ ਇਕ ਰੋਸ ਪੱਤਰ ਵੀ ਮੁੱਖ ਮੰਤਰੀ ਨੂੰ ਲਿਖਿਆ ਗਿਆ ਹੈ। ਸਾਂਝਾ ਫਰੰਟ ਦੇ ਉਕਤ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਦੋਹਰਾਈ 2.59 ਗੁਣਾਕ ਨਾਲ ਤੁਰੰਤ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਮਾਣ ਭੱਤਾ / ਇਨਸੈਂਟਿਵ (ਮਿਡ -ਡੇ – ਮੀਲ, ਆਸ਼ਾ, ਆਂਗਣਵਾੜੀ ) ਮੁਲਾਜ਼ਮਾਂ ਨੂੰ ਘੱਟੋ ਘੱਟ ਤਨਖਾਹ ਦੇ ਘੇਰੇ ਵਿੱਚ ਲਿਆਂਦਾ ਜਾਵੇ, ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਕੇ ਏਸੀਪੀ ਦਾ ਲਾਭ ਦਿੱਤਾ ਜਾਵੇ, ਮਹਿਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ 236 ਮਹੀਨਿਆਂ ਦਾ ਬਕਾਇਆ ਦਿੱਤਾ ਜਾਵੇ, ਪੇਂਡੂ ਭੱਤਾ, ਤੇਲ ਭੱਤਾ, ਫਿਕਸ ਸਫਰੀ ਭੱਤਾ ਸਮੇਤ ਬੰਦ ਕੀਤੇ ਭੱਤੇ ਤੁਰੰਤ ਬਹਾਲ ਕੀਤੇ ਜਾਣ, ਪ੍ਰੋਵੇਸ਼ਨਲ ਪੀਰੀਅਡ ਇਕ ਸਾਲ ਦਾ ਕੀਤਾ ਜਾਵੇ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਸਮੇਤ ਸਾਰੇ ਭੱਤੇ ਦਿੱਤੀ ਜਾਵੇ, 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਵੀ ਪੰਜਾਬ ਦੇ ਤਨਖਾਹ ਸਕੇਲ ਦਿੱਤੇ ਜਾਣ, 200 ਰੁਪਏ ਜਜੀਆ ਬੰਦ ਕੀਤਾ ਜਾਵੇ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਐਨ.ਡੀ.ਤਿਵਾੜੀ, ਤੀਰਥ ਸਿੰਘ ਬਾਸੀ, ਅਮਰੀਕ ਸਿੱਧੂ, ਪ੍ਰੇਮ ਚਾਵਲਾ ਅਤੇ ਧਨਵੰਤ ਸਿੰਘ ਬਠਲ ਆਦਿ ਆਗੂ ਵੀ ਹਾਜ਼ਰ ਸਨ।