ਭੀਮ ਨਗਰ ਇਲਾਕੇ ਵਿੱਚ ਡਾਇਰਿਆ ਦੀ ਸਥਿਤੀ ਹੁਣ ਬਿਹਤਰ, ਅੱਜ ਲਏ ਗਏ ਸਾਰੇ ਸਟੂਲ ਸੈੰਪਲ ਨੈਗੇਟਿਵ ਪਾਏ ਗਏ: ਸਿਵਲ ਸਰਜਨ ਡਾ ਪਵਨ ਸ਼ਗੋਤਰਾ 

ਭੀਮ ਨਗਰ ਇਲਾਕੇ ਵਿੱਚ ਡਾਇਰਿਆ ਦੀ ਸਥਿਤੀ ਹੁਣ ਬਿਹਤਰ, ਅੱਜ ਲਏ ਗਏ ਸਾਰੇ ਸਟੂਲ ਸੈੰਪਲ ਨੈਗੇਟਿਵ ਪਾਏ ਗਏ: ਸਿਵਲ ਸਰਜਨ ਡਾ ਪਵਨ ਸ਼ਗੋਤਰਾ

ਹੁਸ਼ਿਆਰਪੁਰ 12 ਸਤੰਬਰ (ਤਰਸੇਮ ਦੀਵਾਨਾ )

ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਭੀਮ ਨਗਰ ਵਿਖੇ ਸਿਹਤ ਵਿਭਾਗ ਵੱਲੋਂ ਅੱਜ ਚੌਥੇ ਦਿਨ ਵੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਇਲਾਕੇ ਦੇ ਡਾਇਰੀਆ ਨਾਲ ਗ੍ਰਸਤ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਓ.ਆਰ.ਐਸ ਵੀ ਵੰਡੇ ਗਏ। ਸਿਵਲ ਸਰਜਨ ਨੇ ਮੈਡੀਕਲ ਕੈਂਪ ਦਾ ਦੌਰਾ ਕੀਤਾ ਅਤੇ ਮੈਡੀਕਲ ਟੀਮ ਤੋਂ ਸਾਰੀ ਜਾਣਕਾਰੀ ਲਈ। ਮੈਡੀਕਲ ਟੀਮ ਅਨੁਸਾਰ ਅੱਜ ਕੈਂਪ ਵਿਚ ਮਰੀਜ਼ਾਂ ਦੀ ਆਮਦ ਨਾ ਦੇ ਬਰਾਬਰ ਰਹੀ।

 

ਸਿਵਲ ਸਰਜਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭੀਮ ਨਗਰ ਵਿਖ਼ੇ ਫੈਲੇ ਡਾਇਰਿਆ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ। ਮਲਟੀ ਪਰਪਜ਼ ਹੈਲਥ ਵਰਕਰ, ਐਚਆਈ, ਏਐਨਐਮ, ਆਸ਼ਾ ਵਰਕਰਜ਼ ਅਤੇ ਵਾਲੰਟੀਅਰ ਟੀਮਾਂ ਵਲੋਂ ਭੀਮ ਨਗਰ ਵਿੱਚ ਅੱਜ ਵੀ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਅਤੇ ਉਹਨਾਂ ਵੱਲੋਂ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐਸ ਦੇ ਪੈਕੇਟ ਵੰਡੇ ਗਏ। ਉਹਨਾਂ ਨੇ ਦਸਤਾਂ ਤੋੰ ਬਚਾਓ ਅਤੇ ਇਲਾਜ ਲਈ ਓ.ਆਰ.ਐਸ ਦੇ ਘੋਲ ਤਿਆਰ ਕਰਨ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ।

ਸਿਵਲ ਸਰਜਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੈਲਥ ਟੀਮ ਵੱਲੋਂ ਅੱਜ 04 ਸਟੂਲ ਸੈਂਪਲ ਲਏ ਗਏ, ਜਿਹੜੇ ਕਿ ਸਾਰੇ ਹੀ ਨੈਗਟਿਵ ਪਾਏ ਗਏ। ਜਿਹੜੇ ਮਰੀਜ਼ ਸਿਵਲ ਹਸਪਤਾਲ ਅਤੇ ਈ ਐਸ ਆਈ ਵਿਖੇ ਜ਼ੇਰੇ ਇਲਾਜ਼ ਹਨ ਅਤੇ ਉਹਨਾਂ ਦੀ ਸਥਿਤੀ ਸਥਿਰ ਹੈ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਵਿੱਚੋਂ ਜਿਹੜੇ ਮਰੀਜ਼ ਸਿਹਤਯਾਬ ਹੋ ਗਏ ਹਨ ਉਹਨਾਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਜਾ ਰਿਹਾ ਹੈ। ਅੱਗੇ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਜੀ ਨਾਲ ਗੱਲਬਾਤ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ। ਨਿਗਮ ਵਲੋਂ ਅੱਜ ਚੌਥੇ ਦਿਨ ਵੀ ਮੁਹੱਲਾ ਵਾਸੀਆਂ ਲਈ ਅਲਟਰਨੇਟ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਗਈ।

ਸਿਵਲ ਸਰਜਨ ਨੇ ਕਿਹਾ ਕਿ ਦਸਤਾਂ ਦੀ ਸਥਿਤੀ ਵਿਚ ਘਬਰਾਉਣ ਦੀ ਲੋੜ ਨਹੀਂ। ਜੇਕਰ ਦਸਤ ਲੱਗ ਜਾਣ ਤਾਂ ਤੁਰੰਤ ਓਆਰਐਸ ਥੋੜੇ ਥੋੜੇ ਸਮੇਂ ਤੇ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਦਸਤ ਬੰਦ ਨਹੀਂ ਹੋ ਜਾਂਦੇ। ਪਾਣੀ ਨੂੰ ਉਬਾਲ ਕੇ ਪੀਤਾ ਜਾਵੇ, ਜਿਆਦਾ ਪੱਕੇ ਫਲ ਤੇ ਸਬਜ਼ੀਆਂ ਨਾ ਵਰਤੀਆਂ ਜਾਣ। ਸਾਫ਼ ਸਫ਼ਾਈ ਦਾ ਖਾਸ ਖ਼ਿਆਲ ਰੱਖਿਆ ਜਾਵੇ। ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਹੀ ਖਾਣਾ ਬਣਾਇਆ ਜਾਵੇ।ਸ਼ੌਚ ਜਾਣ ਤੋਂ ਬਾਅਦ ਹੱਥ ਸਾਬਣ ਨਾਲ ਚੰਗੀ ਤਰਾਂ ਸਾਫ ਕੀਤੇ ਜਾਣ।ਬਾਹਰਲੇ ਭੋਜਨ ਤੋਂ ਪਰਹੇਜ ਕੀਤਾ ਜਾਵੇ। ਬਿਮਾਰ ਹੋਣ ਦੀ ਸਥਿਤੀ ਵਿਚ ਕੋਈ ਵੀ ਵਿਅਕਤੀ ਆਪਣੇ ਆਪ ਦਵਾਈ ਨਾ ਲਵੇ ਬਲਕਿ ਜਲਦੀ ਤੋਂ ਜਲਦੀ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਸਿਹਤ ਕੇਂਦਰਾਂ ਵਿਚ ਸਾਰੀਆਂ ਦਵਾਈਆਂ ਉਚਿਤ ਮਾਤਰਾ ਵਿਚ ਉਪਲੱਬਧ ਹਨ।

Leave a Reply

Your email address will not be published. Required fields are marked *