ਏ.ਡੀ.ਜੀ.ਪੀ ਅਨੀਤਾ ਪੁੰਜ ਦੀ ਦੇਖਰੇਖ ਹੇਠ ਅਤੇ ਐਸ.ਐਸ.ਪੀ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਵਿੱਚ ਸਰਚ ਮੁਹਿੰਮ ਚਲਾਈ ਗਈ
11 ਐਫ਼.ਆਈ.ਆਰ ਦਰਜ ਕੀਤੀਆਂ ਗਈਆਂ, 10 ਨੂੰ ਗਿਰਫ਼ਤਾਰ ਕੀਤਾ ਗਿਆ
110 ਟ੍ਰੈਫਿਕ ਚਲਾਨ ਜਾਰੀ ਕੀਤੇ ਅਤੇ 7 ਮੋਟਰਸਾਈਕਲ ਜ਼ਬਤ ਕੀਤੇ ਗਏ
ਨਸ਼ੀਲਾ ਸਮਾਨ ਅਤੇ ਨਕਦੀ ਵੀ ਬਰਾਮਦ ਕੀਤੀ ਗਈ
ਹੁਸ਼ਿਆਰਪੁਰ, 9 ਅਕਤੂਬਰ ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਜ਼ਿਲੇ ਵਿੱਚ ਨਸ਼ਿਆਂ ਅਤੇ ਅਪਰਾਧੀਆਂ ਦੇ ਖ਼ਿਲਾਫ਼ ਕਾਰਡਨ ਐਂਡ ਸਰਚ (ਕਾਸੋ) ਮੁਹਿੰਮ ਚਲਾਈ ਗਈ। ਇਹ ਮੁਹਿੰਮ ਏ.ਡੀ.ਜੀ.ਪੀ ਪੰਜਾਬ ਅਨੀਤਾ ਪੁੰਜ ਦੀ ਦੇਖਰੇਖ ਹੇਠ ਅਤੇ ਐਸ.ਐਸ.ਪੀ ਸੁਰੇੰਦਰ ਲਾਂਬਾ ਦੀ ਅਗਵਾਈ ਵਿੱਚ ਚਲਾਈ ਗਈ। ਮੁਹਿੰਮ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਿਲ੍ਹੇ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆਂ ਵਿੱਚ ਚਲਾਈ ਗਈ। ਇਸ ਮੁਹਿੰਮ ਵਿੱਚ ਜ਼ਿਲ੍ਹਾ ਪੁਲਿਸ ਦੇ 4 ਐਸ.ਪੀ, 13 ਡੀ.ਐਸ.ਪੀ ਸਮੇਤ 879 ਪੁਲਿਸ ਮੁਲਾਜ਼ਮਾਂ ਨੇ ਭਾਗ ਲਿਆ। ਨਸ਼ਿਆਂ ਦੀ ਰੋਕਥਾਮ ਲਈ ਤਸਕਰਾਂ ਦੀ ਖੋਜ ਕਰਦੇ ਹੋਏ 36 ਹਾਟਸਪਾਟ ਪੌਇੰਟ ਕਵਰ ਕੀਤੇ ਗਏ। ਇਸ ਤੋਂ ਇਲਾਵਾ 8 ਰੇਲਵੇ ਸਟੇਸ਼ਨ, 12 ਬੱਸ ਸਟੈਂਡ, 30 ਹੋਟਲ ਅਤੇ ਸਰਾਏ, 127 ਧਾਰਮਿਕ ਸਥਾਨਾਂ ਤੇ ਖੋਜ ਮੁਹਿੰਮ ਕੀਤੀ ਗਈ। ਇਸ ਤੋਂ ਇਲਾਵਾ, 11 ਇੰਟਰਸਟੇਟ ਅਤੇ 11 ਇੰਟਰ-ਜ਼ਿਲ੍ਹਾ ਨਾਕਿਆਂ ‘ਤੇ ਵੀ ਵਾਹਨਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 110 ਟ੍ਰੈਫਿਕ ਚਲਾਨ ਜਾਰੀ ਕੀਤੇ ਗਏ ਅਤੇ ਯਾਤਾਯਾਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਜਾਰੀ ਕੀਤੇ ਗਏ। 7 ਮੋਟਰਸਾਈਕਲ ਵੀ ਜ਼ਬਤ ਕੀਤੇ ਗਏ।
ਏ.ਡੀ.ਜੀ.ਪੀ ਅਨੀਤਾ ਪੁੰਜ ਨੇ ਪਿੰਡ ਹਰਦੋਖਾਨਪੁਰ ਵਿੱਚ ਨਿਰੀਖਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਜ਼ਿਲ੍ਹੇ ਨੂੰ ਨਸ਼ਿਆਂ ਦੀ ਸਮੱਸਿਆ ਤੋਂ ਮੁਕਤ ਕਰਨਾ ਅਤੇ ਉਹਨਾਂ ਅਪਰਾਧੀਆਂ ਨੂੰ ਕਾਬੂ ਕਰਨਾ ਹੈ ਜੋ ਸਮਾਜ ਵਿੱਚ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਪੂਰੇ ਜ਼ਿਲ੍ਹੇ ਵਿੱਚ ਕਈ ਚੈਕ ਪੌਇੰਟ ਲਗਾਏ ਗਏ ਅਤੇ ਸ਼ੱਕੀ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਨਸ਼ਾ-ਮੁਕਤ ਰਾਜ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਅੱਜ ਨਸ਼ਿਆਂ ਦੇ ਹੌਟਸਪੌਟਸ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਸ਼ੇ ਦੀ ਸਪਲਾਈ ਦੀ ਲੜੀ ਨੂੰ ਵਿਕਰੀ ਦੇ ਪੱਧਰ ‘ਤੇ ਤੋੜਨ ਲਈ ਘੇਰਾਬੰਦੀ ਅਤੇ ਖੋਜ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਅਪਰਾਧੀਆਂ ਨੂੰ ਫੜਨ ਦਾ ਹੀ ਨਹੀਂ ਹੈ, ਸਗੋਂ ਸਮਾਜ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਮੁਕਤ ਕਰਨਾ ਵੀ ਹੈ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਪੰਜਾਬ ਪੁਲਿਸ ਸਮਾਜ ਨੂੰ ਸੁਰੱਖਿਅਤ ਅਤੇ ਤੰਦਰੁਸਤ ਬਣਾਉਣ ਲਈ ਵਚਨਬੱਧ ਹੈ।
ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਇਸ ਦੌਰਾਨ ਮੁਹਿੰਮ ਦੀ ਕਾਮਯਾਬੀ ‘ਤੇ ਸੰਤੋਸ਼ ਜਤਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਓਪਰੇਸ਼ਨ ਨਾਲ ਸਮਾਜ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਬਣੇਗਾ। ਇਸ ਮੁਹਿੰਮ ਦੌਰਾਨ ਪੁਲਿਸ ਨੂੰ ਮਹੱਤਵਪੂਰਨ ਕਾਮਯਾਬੀ ਮਿਲੀ ਹੈ, ਜਿਸ ਤਹਿਤ ਕੁੱਲ 11 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਥਾਣਾ ਟਾਂਡਾ ਵਿੱਚ 2, ਮਾਹਿਲਪੁਰ ਵਿੱਚ 1, ਗੜਸ਼ੰਕਰ ਵਿੱਚ 2, ਥਾਣਾ ਸਿਟੀ ਹੁਸ਼ਿਆਰਪੁਰ ਵਿੱਚ 2, ਮੇਹਟੀਆਣਾ ਵਿੱਚ 1, ਗੜਦੀਵਾਲਾ ਵਿੱਚ 1, ਮੁਕੇਰੀਆਂ ਵਿੱਚ 1 ਅਤੇ ਦਸੂਹਾ ਵਿੱਚ 1 ਮਾਮਲਾ ਦਰਜ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਅੱਜ ਦੀ ਮੁਹਿੰਮ ਦੌਰਾਨ 360 ਗ੍ਰਾਮ ਨਸ਼ੀਲਾ ਪਾਊਡਰ, 20 ਗ੍ਰਾਮ ਹੀਰੋਇਨ, 1420 ਨਸ਼ੀਲੀ ਗੋਲੀਆਂ, 320 ਨਸ਼ੀਲੇ ਕੈਪਸੂਲ, 48,750 ਮਿਲੀਲੀਟਰ ਗੈਰ-ਕਾਨੂੰਨੀ ਸ਼ਰਾਬ, 32 ਦੇਸੀ ਸ਼ਰਾਬ ਦੀਆਂ ਬੋਤਲਾਂ, 4700 ਰੁਪਏ ਨਕਦ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ। ਉਨ੍ਹਾਂ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਤੁਹਾਡੇ ਆਲੇ-ਦੁਆਲੇ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚ ਰਿਹਾ ਹੈ, ਤਾਂ 95016-60318 ‘ਤੇ ਸੂਚਿਤ ਕਰੋ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।