ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਦੁਕਾਨਾਂ ਦੇ ਲਾਇਸੈਂਸ ਲਈ 12 ਅਕਤੂਬਰ ਸ਼ਾਮ 4 ਵਜੇ ਤੱਕ ਦਿੱਤੀਆਂ ਜਾ ਸਕਦੀਆਂ ਨੇ ਅਰਜ਼ੀਆਂ : ਪੁਲਿਸ ਕਮਿਸ਼ਨਰ
– ਅਸਲਾ ਲਾਇਸੈਂਸਿੰਗ ਬਰਾਂਚ ਜਾਂ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਵੈਬਸਾਈਟ https://jalandhrcity.punjabpolice.gov.in ਤੋਂ ਡਾਊਨਲੋਡ ਕੀਤੇ ਜਾ ਸਕਦੇ ਨੇ ਫਾਰਮ
– ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਦੁਕਾਨਾਂ ਦੇ 18 ਅਕਤੂਬਰ ਨੂੰ ਰੈਡ ਕਰਾਸ ਭਵਨ ਵਿਖੇ 3 ਵਜੇ ਕੱਢੇ ਜਾਣਗੇ ਡਰਾਅ
ਜਲੰਧਰ, 9 ਅਕਤੂਬਰ(Sunil Kumar)ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ, ਉਦਯੋਗ ਅਤੇ ਕਾਮਰਸ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ‘ਦਿ ਐਕਸਪਲੋਸਿਵ ਨਿਯਮ-2008’ (The Explosive Rules) ਅਧੀਨ ਸਾਲ 2016 ਵਿੱਚ ਜਾਰੀ ਹੋਏ ਆਰਜ਼ੀ ਲਾਇਸੈਂਸਾਂ ਦੇ 20 ਫੀਸਦੀ ਆਰਜ਼ੀ ਲਾਇਸੈਂਸ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਸ਼ਹਿਰ ਦੇ ਅਧੀਨ ਆਉਂਦੇ ਵਸਨੀਕਾਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੈ, ਨੇ ਜਲੰਧਰ ਸ਼ਹਿਰ ਵਿੱਚ ਨਗਰ ਨਿਗਮ ਵਲੋਂ ਨਿਰਧਾਰਿਤ ਕੀਤੀ ਜਾਣ ਵਾਲੀ ਜਗ੍ਹਾ ਵਿੱਚ ਪਟਾਖਿਆਂ ਨੂੰ ਵੇਚਣ ਲਈ ਆਰਜ਼ੀ ਦੁਕਾਨਾਂ ਦੇ ਆਰਜ਼ੀ ਲਾਇਸੈਂਸ ਲੈਣੇ ਹਨ, ਉਹ ਐਪਲੀਕੇਸ਼ਨ ਫਾਰਮ ਦਫ਼ਤਰ ਦੀ ਅਸਲਾ ਲਾਇਸੈਂਸਿੰਗ ਬਰਾਂਚ, ਕਮਿਸ਼ਨਰੇਟ ਜਲੰਧਰ ਤੋਂ ਹਾਸਿਲ ਕਰਕੇ ਜਾਂ ਦਫ਼ਤਰ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਵੈਬਸਾਈਟ https://jalandhrcity.punjabpolice.gov.in ਤੋਂ ਡਾਊਨਲੋਡ ਕਰਕੇ ਮਿਤੀ 10-10-2024 ਤੋਂ ਮਿਤੀ 12-10-2024 ਤੱਕ ਸਵੇਰੇ 9:30 ਵਜੇ ਤੋਂ ਸ਼ਾਮ 4 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਰਧਾਰਿਤ ਸਮੇਂ ਤੋਂ ਬਾਅਦ ਆਉਣ ਵਾਲੀ ਅਰਜ਼ੀ ਵਿਚਾਰੀ ਨਹੀਂ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਡਰਾਅ ਮਿਤੀ 18-10-2024 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3 ਵਜੇ ਰੈਡ ਕਰਾਸ ਭਵਨ, ਜਲੰਧਰ ਵਿਖੇ ਕੱਢਿਆ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਜਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਜਾਂ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਵਿੱਚ ਕਿਸੇ ਪ੍ਰਕਾਰ ਦੀ ਸੋਧ ਜਾਂ ਤਬਦੀਲੀ ਹੁੰਦੀ ਹੈ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।