ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਅਪਣੇ ਸੁੱਖਾਂ ਨੂੰ ਤਿਆਗਕੇ ਸਮਾਜ ਦੇ ਰਹਿਬਰਾਂ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਅੱਗੇ ਤੋਰਿਆ : ਸੰਤ ਸਤਵਿੰਦਰ ਹੀਰਾ
ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ
ਹੁਸ਼ਿਆਰਪੁਰ 10 ਅਕਤੂਬਰ ( ਤਰਸੇਮ ਦੀਵਾਨਾ )
ਬਾਬੂ ਕਾਂਸ਼ੀ ਰਾਮ ਚੈਰੀਟੇਵਲ ਫਾਂਉਡੇਸ਼ਨ ਵਲੋਂ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਬਾਬੂ ਕਾਂਸ਼ੀ ਰਾਮ ਦੇ ਜਨਮ ਸਥਾਨ ਪਿੰਡ ਪ੍ਰਿਥੀਪੁਰ ਬੁੰਗਾ ਜ਼ਿਲਾ ਰੂਪਨਗਰ ਵਿੱਚ ਵੱਖ ਵੱਖ ਸਮਾਜਿਕ ਆਗੂਆਂ ਨੇ ਸਾਹਿਬ ਕਾਂਸ਼ੀ ਰਾਮ ਦੀ ਭੈਣ ਬੀਬੀ ਸਵਰਨ ਕੌਰ,ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਰਵਿੰਦਰ ਸਿੰਘ, ਐਡਵੋਕੇਟ ਲਖਵੀਰ ਸਿੰਘ ਖੁਆਸਪੁਰਾ, ਭੁਪਿੰਦਰ ਕੌਰ, ਐਡਵੋਕੇਟ ਕੁਲਦੀਪ ਚੰਦ, ਤੀਰਥ ਸਿੰਘ ਸਮਰਾ, ਪ੍ਰੀਤਮ ਦਾਸ ਮੱਲ, ਨਿਰਪਿੰਦਰ ਸਿੰਘ ਆਦਿ ਨੇ ਕਾਂਸ਼ੀ ਰਾਮ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾਕੇ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ।ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਕਿਹਾ ਕਿ ਸ੍ਰੀ ਕਾਂਸ਼ੀ ਰਾਮ ਨੇ ਅਪਣੇ ਸੁੱਖਾਂ ਨੂੰ ਤਿਆਗਕੇ ਸਮਾਜ ਦੇ ਰਹਿਬਰਾਂ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਅੱਗੇ ਤੋਰਿਆ। ਐਡਵੋਕੇਟ ਕੁਲਦੀਪ ਚੰਦ ਨੇ ਕਿਹਾ ਕਿ ਸ੍ਰੀ ਕਾਂਸ਼ੀ ਰਾਮ ਨੇ ਦੇਸ਼ ਦੀ ਬਹੁਤੀ ਅਬਾਦੀ ਜੋ ਕਿ ਵੱਖ ਵੱਖ ਜਾਤਾਂ ਵਿੱਚ ਵੰਡੀ ਹੋਈ ਸੀ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੀ ਮੁਹਿੰਮ ਚਲਾਈ ਅਤੇ ਉਨ੍ਹਾਂ ਨੇ ਆਦਿ ਧਰਮ ਲਹਿਰ ਦੇ ਆਗੂ ਅਤੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਅਤੇ ਡਾ. ਭੀਮ ਰਾਓ ਅੰਬੇਡਕਰ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ ਸੁਪਨਾ ਸੱਚ ਕਰ ਦਿਖਾਇਆ। ਉਨ੍ਹਾਂ ਕਿਹਾ ਕਿ ਸਾਹਿਬ ਵਲੋਂ ਅਪਣੀ ਕਿਤਾਬ ‘ਚਮਚਾ ਯੁੱਗ’ ਵਿੱਚ ਜੋ ਵੱਖ ਵੱਖ ਤਰਾਂ ਦੇ ਚਮਚਿਆਂ ਦਾ ਜਿਕਰ ਕੀਤਾ ਗਿਆ ਹੈ ਉਨ੍ਹਾਂ ਚਮਚਿਆਂ ਕਾਰਨ ਹੀ ਅੱਜ ਸਮਾਜ ਦੀ ਹਾਲਤ ਖਸਤਾ ਹੋ ਰਹੀ ਹੈ। ਤੀਰਥ ਸਿੰਘ ਸਮਰਾ ਨੇ ਕਿਹਾ ਕਿ ਕਾਂਸ਼ੀ ਰਾਮ ਵਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਕਾਰਨ ਹੀ ਦਲਿਤਾਂ ਦਾ ਸਵੈਮਾਣ ਵਧਿਆ ਅਤੇ ਉਨਾਂ ਵਲੋਂ ਤਿਆਰ ਕੀਤੀ ਗਈ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿੱਚ ਕਈ ਵਾਰ ਰਾਜ ਕਰਨ ਦਾ ਮੌਕਾ ਮਿਲਿਆ। ਸਾਹਿਬ ਕਾਂਸ਼ੀ ਰਾਮ ਦੇ ਭੈਣ ਬੀਬੀ ਸਵਰਨ ਕੌਰ ਨੇ ਕਿਹਾ ਕਿ ਸਾਹਿਬ ਵਲੋਂ ਚਲਾਈ ਗਈ ਮੁਹਿੰਮ ਵਿੱਚ ਪਿਛਲੇ ਕਈ ਸਾਲਾਂ ਤੋਂ ਖੜੋਤ ਆਈ ਹੈ ਅਤੇ ਇਸ ਮੁਹਿੰਮ ਨੂੰ ਅੱਗੇ ਲਿਜਾਉਣ ਲਈ ਅਤੇ ਘਰ ਘਰ ਪਹੁੰਚਾਣ ਲਈ ਬਾਬੂ ਕਾਂਸ਼ੀ ਰਾਮ ਚੈਰੀਟੇਵਲ ਫਾਂਉਡੇਸ਼ਨ ਸਮੂਹ ਜੁਝਾਰੂ ਸਾਥੀਆਂ ਅਤੇ ਹੋਰ ਹਮ ਖਿਆਲੀ ਸੰਗਠਨਾਂ ਨਾਲ ਮਿਲਕੇ ਕੰਮ ਕਰ ਰਿਹਾ ਹੈ। ਉਨ੍ਹਾਂ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਸਮਾਜਿਕ ਪਰਿਵਰਤਨ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਨੋਜਵਾਨਾਂ ਨੂੰ ਵੱਧ ਤੋਂ ਵੱਧ ਨਾਲ ਜੋੜਿਆ ਜਾਵੇ। ਹਾਜਰ ਸਮੂਹ ਆਗੂਆਂ ਨੇ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਅੱਗੇ ਲਿਜਾਉਣ ਲਈ ਹਰ ਤਰਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿਤਾ। ਇਸ ਮੌਕੇ ਬਾਬੂ ਕਾਂਸ਼ੀ ਰਾਮ ਚੈਰੀਟੇਵਲ ਫਾਂਉਡੇਸ਼ਨ ਵਲੋਂ ਵੱਖ ਵੱਖ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।