ਜਾਤੀ ਪਾਤੀ ਅਤੇ ਲਿੰਗਕ ਜ਼ਬਰ ਅਤੇ ਵਿਤਕਰੇ ਦੇ ਖਿਲਾਫ ਦੇਸ਼ ਪੱਧਰੀ ਸੰਘਰਸ਼ ਛੇੜਣ ਦਾ ਨਿਰਨਾ ਲਿਆ:ਆਰ.ਐੱਮ.ਪੀ.ਆਈ.
ਜਨਰਲ ਸਕੱਤਰ ਵਲੋਂ ਪੇਸ਼ ਕਾਰਵਾਈ ਰਿਪੋਰਟ ‘ਤੇ ਬਹਿਸ ਲਗਾਤਾਰ ਜਾਰੀ
ਜਲੰਧਰ: 25 ਫਰਵਰੀ -(ਸੁੁੁਨੀਲ ਕੁਮਾਰ)
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ‘ਸ਼ਹੀਦ ਇ ਆਜ਼ਮ ਭਗਤ ਸਿੰਘ ਨਗਰ’ ਨਿਊ ਨਾਲੰਦਾ ਆਡੀਟੋਰੀਅਮ ਕੋਝੀਕੋਡ, ਕੇਰਲਾ ਵਿਖੇ ਚੱਲ ਰਹੀ ਦੂਜੀ ਕੁੱਲ ਹਿੰਦ ਕਾਨਫਰੰਸ ਨੇ ਅੱਜ ਦੇਸ਼ ਭਰ ਚੋਂ ਪੁੱਜੇ ਡੈਲੀਗੇਟਾਂ ਦੀ ਭਖਵੀਂ ਬਹਿਸ ਤੋਂ ਬਾਅਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੱਲੋਂ ਪੇਸ਼ ਕੀਤਾ ਗਿਆ ਵਰਤਮਾਨ ਰਾਜਸੀ ਅਵਸਥਾ ਬਾਰੇ ਮਤੇ ਦਾ ਖਰੜਾ ਸਰਵ ਸੰਮਤੀ ਨਾਲ ਪ੍ਰਵਾਨ ਕਰਦਿਆਂ ਪਾਰਟੀ ਵੱਲੋਂ ਤੈਅਸ਼ੁਦਾ ਰਾਜਸੀ ਲਾਈਨ ਦੀ ਪੁਸ਼ਟੀ ਕਰ ਦਿੱਤੀ ਹੈ।
ਕਾਨਫਰੰਸ ਨੇ ਸਰਵ ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਜਾਤੀਪਾਤੀ ਤੇ ਲਿੰਗਕ ਜਬਰ ਅਤੇ ਵਿਤਕਰੇ ਖਿਲਾਫ਼ ਦੇਸ਼ ਪੱਧਰੀ ਸੰਘਰਸ਼ ਲੜੀ ਛੇੜਣ ਦਾ ਨਿਰਣਾ ਲਿਆ। ਇਕ ਵੱਖਰੇ ਮਤੇ ਰਾਹੀਂ ਨਿਜੀਕਰਨ ਦੀ ਤਬਾਹਕੁੰਨ ਨੀਤੀ ਰੱਦ ਕਰਨ, ਲੱਖਾਂ ਕਰੋੜ ਰੁਪਏ ਦੀ ਜਨਤਕ ਜਾਇਦਾਦ ਅਤੇ ਕੁਦਰਤੀ ਖਜ਼ਾਨੇ ਕੌਡੀਆਂ ਦੇ ਭਾਅ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਬੰਦ ਕਰਨ, ਦੇਸ਼ ਦੀ ਸਮੁੱਚੀ ਕਿਰਤ ਸ਼ਕਤੀ ਨੂੰ ਸਨਮਾਨ ਯੋਗ ਉਜਰਤਾਂ-ਤਣਖਾਹਾਂ ਸਹਿਤ ਬੱਝਵਾਂ ਰੁਜ਼ਗਾਰ ਦੇਣ, ਸਮੁੱਚੀ ਵਸੋਂ ਨੂੰ ਇੱਕਸਾਰ ਤੇ ਮਿਆਰੀ ਸਿੱਖਿਆ, ਸਿਹਤ ਸਹੂਲਤਾਂ, ਸਵੱਛ ਪਾਣੀ ਅਤੇ ਸਰਵ ਪੱਖੀ ਜਨਤਕ ਵੰਡ ਪ੍ਰਣਾਲੀ ਤੇ ਸਮਾਜਿਕ ਸੁਰੱਖਿਆ ਛਤਰੀ ਮੁਹੱਈਆ ਕੀਤੇ ਜਾਣ ਆਦਿ ਮੰਗਾਂ ਦੀ ਪੂਰਤੀ ਲਈ ਸੰਘਰਸ਼ ਛੇੜਣ ਦਾ ਫੈਸਲਾ ਕੀਤਾ ਗਿਆ। ਨਾਲ ਹੀ ਕਾਰਪੋਰੇਟਿਆਂ ਦੀ ਮੁਨਾਫਿਆਂ ਦੀ ਹਵਸ ਪੂਰੀ ਕਰਨ ਲਈ ਚੌਗਿਰਦੇ ਦੇ ਕੀਤੇ ਜਾ ਰਹੇ ਘਾਣ ਵਿਰੁੱਧ ਵੀ ਦੇਸ਼ ਪੱਧਰੀ ਮੁਹਿੰਮ ਵਿੱਢਣ ਦਾ ਨਿਸ਼ਾਨਾ ਮਿਥਿਆ ਗਿਆ ਹੈ।
ਇਸ ਪਿਛੋਂ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਮਜ਼ਬੂਤੀ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਨਿਸ਼ਾਨਦੇਹੀ ਕਰਦੀ ਜੱਥੇਬੰਦਕ ਰਿਪੋਰਟ ਦਾ ਖਰੜਾ ਡੈਲੀਗੇਟਾਂ ਦੇ ਵਿਚਾਰ-ਵਟਾਂਦਰੇ ਲਈ ਪੇਸ਼ ਕੀਤਾ ਜਿਸ ਤੇ ਬਹਿਸ ਜਾਰੀ ਹੈ।
ਅੱਜ ਦੇ ਸੈਸ਼ਨ ਨੂੰ ਸਰਵ ਸਾਥੀ ਕੇ.ਕੇ. ਰੇਮਾ ਰਤਨ ਸਿੰਘ ਰੰਧਾਵਾ, ਕੇਐਸ ਹਰੀਹਰਨ, ਪ੍ਰੋ ਜੈਪਾਲ ਸਿੰਘ, ਸੱਜਣ ਸਿੰਘ ਮੁਹਾਲੀ, ਧਰਮਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।