ਬੰਗਲਾ ਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰ ਦੇ ਸਹਿਣ ਯੋਗ ਨਹੀਂ : ਡਾ ਰਮਨ ਘਈ
ਹੁਸ਼ਿਆਰਪੁਰ 13 ਦਸੰਬਰ (ਤਰਸੇਮ ਦੀਵਾਨਾ) ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਹੁਸ਼ਿਆਰਪੁਰ ਵਿੱਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਧਰਨੇ ਵਿੱਚ ਯੂਥ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਰੇਲਵੇ ਰੋਡ ‘ਤੇ ਇਕੱਠੇ ਹੋਏ ਵਰਕਰਾਂ ਨੇ ਸੂਬਾ ਪ੍ਰਧਾਨ ਡਾ: ਰਮਨ ਘਈ ਦੀ ਅਗਵਾਈ ‘ਚ ਪੁਰਾਣੀ ਕਚਹਿਰੀ ਚੌਂਕ ਵਿਖੇ ਰੈਲੀ ਵਾਲੀ ਥਾਂ ‘ਤੇ ਪਹੁੰਚ ਕੇ ਪੂਰੇ ਉਤਸ਼ਾਹ ਨਾਲ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਘਈ ਨੇ ਕਿਹਾ ਕਿ ਬੰਗਲਾਦੇਸ਼, ਜਿਸ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਵਿੱਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ, ਅੱਜ ਉਸ ਪੱਖ ਨੂੰ ਭੁੱਲ ਕੇ ਜ਼ਾਲਮ ਨੀਤੀਆਂ ‘ਤੇ ਚੱਲ ਰਿਹਾ ਹੈ ਅਤੇ ਉੱਥੋਂ ਦੇ ਕੱਟੜਪੰਥੀ ਹਿੰਦੂਆਂ ‘ਤੇ ਤਸ਼ੱਦਦ ਕਰਕੇ ਆਪਣੀ ਸੁਆਰਥੀ ਸੋਚ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਸਰਕਾਰ ਨੇ ਸਖ਼ਤ ਕਦਮ ਨਾ ਚੁੱਕੇ ਤਾਂ ਬੰਗਲਾਦੇਸ਼ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬੰਗਲਾਦੇਸ਼ ‘ਤੇ ਦਬਾਅ ਪਾਇਆ ਜਾਵੇ ਤਾਂ ਜੋ ਉਥੇ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।