ਵਿਧਾਇਕ ਡਾ. ਇਸ਼ਾਂਕ ਕੁਮਾਰ ਵਲੋਂ ਫਗਵਾੜਾ ‘ਚ ਨਗਰ ਨਿਗਮ ਚੋਣਾਂ ਲਈ ਡੋਰ-ਟੂ-ਡੋਰ ਪ੍ਰਚਾਰ
ਹੁਸ਼ਿਆਰਪੁਰ 18 ਦਸੰਬਰ ( ਤਰਸੇਮ ਦੀਵਾਨਾ ) ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਲਈ ਫਗਵਾੜਾ ਦੇ ਕੋਆਰਡੀਨੇਟਰ ਲਗਾਏ ਜਾਣ ‘ਤੇ ਉਥੇ ਚੋਣ ਪ੍ਰਚਾਰ ਨੂੰ ਜ਼ੋਰਸ਼ੋਰ ਨਾਲ ਅੱਗੇ ਵਧਾ ਰਹੇ ਹਨ। ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਨਿਭਾਉਂਦਿਆਂ ਡਾ. ਇਸ਼ਾਂਕ ਕੁਮਾਰ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ, ਡੋਰ ਟੂ ਡੋਰ ਕੈਂਪੇਨ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ।
ਚੋਣ ਪ੍ਰਚਾਰ ਦੌਰਾਨ ਡਾ. ਇਸ਼ਾਂਕ ਲੋਕਾਂ ਨੂੰ ਇਹ ਭਰੋਸਾ ਦਿਵਾ ਰਹੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਮਿਲਦੀ ਹੈ, ਤਾਂ ਫਗਵਾੜਾ ਦੇ ਹਰ ਵਾਰਡ ਵਿੱਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਗੰਭੀਰ ਉਪਰਾਲੇ ਕੀਤੇ ਜਾਣਗੇ। ਉਹਨਾਂ ਵਲੋਂ ਕਹਿਆ ਗਿਆ ਕਿ ਫਗਵਾੜਾ ਦੇ ਪਾਣੀ, ਬਿਜਲੀ, ਸਫ਼ਾਈ ਅਤੇ ਸੜਕਾਂ ਵਰਗੀਆਂ ਮੁਢਲੀਆਂ ਸਹੂਲਤਾਂ ਨੂੰ ਸੁਧਾਰਨ ਲਈ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ।
ਡਾ. ਇਸ਼ਾਂਕ ਨੇ ਫਗਵਾੜਾ ਦੇ ਵਾਰਡ ਨੰ 34 ਦੇ ਨਿਵਾਸੀਆਂ ਦੇ ਘਰ ਘਰ ਜਾ ਕੇ ਪਾਰਟੀ ਦੇ ਉਮੀਦਵਾਰ ਚਮਨ ਲਾਲ ਨੂੰ ਆਪਣਾ ਸਮਰਥਨ ਦੇ ਕੇ ਨਗਰ ਨਿਗਮ ‘ਚ ਇੱਕ ਇਮਾਨਦਾਰ ਪ੍ਰਸ਼ਾਸਨ ਨੂੰ ਲਿਆਉਣ ਵਿੱਚ ਆਪਣੀ ਭਾਗੀਦਾਰੀ ਨਿਭਾਉਣ ਦੀ ਅਪੀਲ ਕੀਤੀ । ਉਹ ਲੋਕਾਂ ਨਾਲ ਰੁਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੇ ਹਨ ਅਤੇ ਉਨ੍ਹਾਂ ਦਾ ਹੱਲ ਕਰਨ ਦੀ ਗਾਰੰਟੀ ਵੀ ਦੇ ਰਹੇ ਹਨ।
ਡੋਰ-ਟੂ-ਡੋਰ ਮੁਹਿੰਮ ਦੌਰਾਨ ਡਾ.ਇਸ਼ਾਂਕ ਨੂੰ ਹਰ ਵਾਰਡ ਵਿੱਚ ਜਨਤਾ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਅਤੇ ਕਾਰਕੁਨ ਵੀ ਡਾ. ਇਸ਼ਾਂਕ ਦੇ ਨਾਲ ਜੁੜ ਕੇ ਚੋਣ ਪ੍ਰਚਾਰ ਵਿੱਚ ਜ਼ੋਰ ਲਗਾ ਰਹੇ ਹਨ।
ਫੋਟੋ ਅਜਮੇਰ ਦੀਵਾਨਾ