– ਸਥਿਤੀ ਦਾ ਜਾਇਜ਼ਾ ਲਿਆ ਅਤੇ ਰੈੱਡ ਕਰਾਸ ਤੋਂ ਰਾਹਤ ਸਮੱਗਰੀ ਮੁਹੱਈਆ ਕਰਵਾਈ
ਹੁਸ਼ਿਆਰਪੁਰ 20 ਦਸੰਬਰ (ਤਰਸੇਮ ਦੀਵਾਨਾ)- ਹਲਕਾ ਚੱਬੇਵਾਲ ਦੇ ਵਿਧਾਇਕ ਡਾ.ਇਸ਼ਾਂਕ ਹਾਲ ਹੀ ਵਿੱਚ ਪਿੰਡ ਫਲਾਹੀ ਵਿੱਚ ਝੁੱਗੀਆਂ ਨੂੰ ਅੱਗ ਲੱਗਣ ਨਾਲ ਪ੍ਰਭਾਵਿਤ ਪ੍ਰਵਾਸੀ ਮਜ਼ਦੂਰਾਂ ਕੋਲ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਘਟਨਾ ਦੀ ਗੰਭੀਰਤਾ ਨੂੰ ਸਮਝਦਿਆਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸੀ ਵਕ਼ਤ ਸਬੰਧਤ ਪ੍ਰਸ਼ਾਸਨਿਕ ਵਿਭਾਗ ਅਤੇ ਰੈੱਡ ਕਰਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ। ਡਾ.ਇਸ਼ਾਂਕ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਪਰਿਵਾਰ ਨੂੰ ਇਸ ਔਖ ਦੀ ਘੜੀ ਵਿਚ ਇਕੱਲਿਆਂ ਬੇਸਹਾਰਾ ਨਹੀਂ ਛੱਡਿਆ ਜਾਵੇਗਾ।
ਅੱਜ ਡਾ: ਇਸ਼ਾਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੈੱਡ ਕਰਾਸ ਸੁਸਾਇਟੀ ਵੱਲੋਂ ਪਿੰਡ ਫਲਾਹੀ ਵਿੱਚ ਰਾਹਤ ਸਮੱਗਰੀ ਵੰਡੀ ਗਈ। ਰੈੱਡ ਕਰਾਸ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ, ਗਰਮ ਕੰਬਲ, ਪਾਣੀ ਦੀਆਂ ਬੋਤਲਾਂ, ਗੱਦੇ, ਕੱਪੜੇ ਅਤੇ ਤਰਪਾਲਾਂ ਵਰਗੀਆਂ ਜ਼ਰੂਰੀ ਵਸਤਾਂ ਵੰਡੀਆਂ। ਅਧਿਕਾਰੀਆਂ ਨੇ ਦੱਸਿਆ ਕਿ ਠੰਡ ਦੇ ਮੌਸਮ ਵਿਚ ਇਸ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਹੈ।
ਝੁੱਗੀ-ਝੌਂਪੜੀਆਂ ‘ਚ ਲੱਗੀ ਅੱਗ ਕਾਰਨ ਪਟੜੀ ਤੋਂ ਉਤਰੀ ਸਾਡੀ ਪ੍ਰਵਾਸੀਆਂ ਦੀ ਜ਼ਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਵਿਧਾਇਕ ਡਾ ਇਸ਼ਾਂਕ ਵਲੋਂ ਰੈੱਡ ਕਰਾਸ ਦੁਆਰਾ ਦਿੱਤੀ ਜਾ ਰਹੀ ਮਦਦ ਦਾ ਕਾਫੀ ਸਹਿਯੋਗ ਮਿਲਿਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀੜਤ ਪਰਿਵਾਰਾਂ ਨੇ ਕੀਤਾ | ਉਨ੍ਹਾਂ ਵਿਧਾਇਕ ਡਾ: ਇਸ਼ਾਂਕ ਕੁਮਾਰ, ਸਮੂਹ ਪ੍ਰਸ਼ਾਸਨ ਅਤੇ ਰੈੱਡ ਕਰਾਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਡਾ: ਇਸ਼ਾਂਕ ਨੇ ਅਜਿਹੀਆਂ ਆਪਦਾਈ ਸਥਿਤੀਆਂ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕਰਨ ਅਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਅੱਗੇ ਆਉਣ ਲਈ ਪ੍ਰਸ਼ਾਸਨ ਅਤੇ ਰੈੱਡ ਕਰਾਸ ਦੀ ਵੀ ਸ਼ਲਾਘਾ ਕੀਤੀ।