ਜ਼ਿਲ੍ਹੇ ਦੇ 10 ਬਲਾਕਾਂ ’ਚ ਉਸਾਰੇ ਜਾਣਗੇ 58 ਹੋਰ ਆਂਗਣਵਾੜੀ ਕੇਂਦਰ

 

ਜ਼ਿਲ੍ਹੇ ਦੇ 10 ਬਲਾਕਾਂ ’ਚ ਉਸਾਰੇ ਜਾਣਗੇ 58 ਹੋਰ ਆਂਗਣਵਾੜੀ ਕੇਂਦਰ

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਨਿਯਮਿਤ ਸਮੀਖਿਆ ਕਰਨ ਲਈ ਵੀ ਕਿਹਾ

ਜਲੰਧਰ, 17 ਮਾਰਚ :(ਸੁਨੀਲ ਕੁਮਾਰ) ਜ਼ਿਲ੍ਹੇ ਦੇ 10 ਬਲਾਕਾਂ ਵਿੱਚ 58 ਹੋਰ ਆਂਗਣਵਾੜੀ ਕੇਂਦਰ ਸਥਾਪਤ ਕੀਤੇ ਜਾਣ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਕੇਂਦਰਾਂ ਦੀ ਉਸਾਰੀ ਸਬੰਧੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਹੀਨਾਵਾਰ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੀ ਉਸਾਰੀ ਲਈ ਫੰਡ ਮਗਨਰੇਗਾ ਸਕੀਮ ਵਿੱਚੋਂ ਖਰਚ ਕੀਤੇ ਜਾਣਗੇ। ਇਨ੍ਹਾਂ ’ਚੋਂ ਬਲਾਕ ਆਦਮਪੁਰ, ਜਲੰਧਰ ਪੱਛਮੀ, ਨੂਰਮਹਿਲ, ਫਿਲੌਰ ਵਿਖੇ 5-5 ਕੇਂਦਰਾਂ ਦੀ ਉਸਾਰੀ ਕੀਤੀ ਜਾਵੇਗੀ ਜਦਕਿ ਭੋਗਪੁਰ, ਜਲੰਧਰ ਪੂਰਬੀ, ਲੋਹੀਆਂ ਖਾਸ, ਰੁੜਕਾ ਕਲਾਂ ਤੇ ਸ਼ਾਹਕੋਟ ਵਿਖੇ 6-6 ਅਤੇ ਨਕੋਦਰ ਵਿਖੇ 8 ਆਂਗਣਵਾੜੀ ਕੇਂਦਰ ਉਸਾਰੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਸਬੰਧੀ ਸਮੁੱਚੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਇਸ ਕਾਰਜ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
ਸਮਾਰਟ ਵਿਲੇਜ ਕੰਪੇਨ ਦੇ ਦੂਜੇ ਪੜਾਅ ਤਹਿਤ ਚੱਲ ਰਹੇ ਅਤੇ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦਾ ਬਲਾਕਵਾਰ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪੂਰੇ ਹੋ ਚੁੱਕੇ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਕੰਮਾਂ ਦੀ ਨਿਯਮਿਤ ਸਮੀਖਿਆ ਤੋਂ ਇਲਾਵਾ ਫੀਲਡ ਵਿਜ਼ਿਟ ਕੀਤੀਆਂ ਜਾਣ ਤਾਂ ਜੋ ਜੇਕਰ ਕਿਤੇ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਸ ਨੂੰ ਫੌਰੀ ਹੱਲ ਕਰਕੇ ਵਿਕਾਸ ਪ੍ਰਾਜੈਕਟਾਂ ਨੂੰ ਨਿਰਧਾਰਤ ਸਮੇਂ ’ਤੇ ਸਿਰੇ ਚਾੜ੍ਹਿਆ ਜਾ ਸਕੇ।
ਇਸ ਦੌਰਾਨ ਉਨ੍ਹਾਂ ਵੱਲੋਂ ਮਗਨਰੇਗਾ ਤਹਿਤ ਕਰਵਾਏ ਕਾਰਜਾਂ, ਸਟ੍ਰੀਟ ਵੈਡਿੰਗ ਜ਼ੋਨਜ਼, ਸਵੱਛ ਭਾਰਤ ਮਿਸ਼ਨ, ਠੋਸ ਤੇ ਤਰਲ ਰਹਿੰਦ-ਖੂਹੰਦ ਪ੍ਰਬੰਧਨ, ਪਲਾਸਟਿਕ ਰਹਿੰਦ-ਖੂਹੰਦ ਪ੍ਰਬੰਧਨ, ਪੁਰਾਣੇ ਕੂੜੇ ਦੇ ਪ੍ਰਬੰਧਨ, ਸੀਵਰੇਜ ਟ੍ਰੀਟਮੈਂਟ ਪਲਾਂਟਾ ਦੇ ਕੰਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਕਾਰਜ ਸਾਧਕ ਅਫ਼ਸਰਾਂ ਨੂੰ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਆਵਾਜਾਈ ਵਿੱਚ ਪੈਂਦੀ ਰੁਕਾਵਟ ਨੂੰ ਦੂਰ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਯੋਜਨਾ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਨੈਕਾਰਾਂ ਵੱਲੋਂ ਪ੍ਰਾਪਤ ਅਰਜ਼ੀਆਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਰਜ਼ੀਆਂ ਨੂੰ ਸਮੇਂ ਸਿਰ ਨਿਬੇੜਨ ਲਈ ਲੀਡ ਬੈਂਕ ਮੈਨੇਜਰ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹਰ 15 ਦਿਨਾਂ ਬਾਅਦ ਸਮੀਖਿਆ ਮੀਟਿੰਗ ਯਕੀਨੀ ਬਣਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਯੋਗ ਬਿਨੈਕਾਰਾਂ ਨੂੰ ਸਕੀਮ ਦਾ ਲਾਭ ਮਿਲ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਬਲਬੀਰ ਰਾਜ ਸਿੰਘ ਅਤੇ ਰਣਦੀਪ ਸਿੰਘ ਹੀਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਖਬੀਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਾਰਜ ਸਾਧਕ ਅਫ਼ਸਰ ਅਤੇ ਬੀ.ਡੀ.ਪੀ.ਓਜ਼ ਵੀ ਮੌਜੂਦ ਸਨ।

Leave a Reply

Your email address will not be published. Required fields are marked *