ਜਲੰਧਰ ਲੋਕ ਸਭਾ ਜਿਮਨੀ ਚੋਣ
ਸਹਾਇਕ ਰਿਟਰਨਿੰਗ ਅਫ਼ਸਰਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਲਈ ਦੋ ਦਿਨਾਂ ਟ੍ਰੇਨਿੰਗ ਦੀ ਸ਼ੁਰੂਆਤ
ਪਹਿਲੇ ਦਿਨ ਨਾਮਜ਼ਦਗੀ ਪ੍ਰਕਿਰਿਆ, ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ, ਵਲਨਰਬਿਲਟੀ ਮੈਪਿੰਗ, ਪੋਲਿੰਗ ਪਾਰਟੀ ਤੇ ਪੋਲ ਡੇ ਪ੍ਰਬੰਧਾਂ ਬਾਰੇ ਦਿੱਤੀ ਸਿਖਲਾਈ
ਜਲੰਧਰ, 5 ਅਪ੍ਰੈਲ (ਸੁਨੀਲ ਕੁਮਾਰ)ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ, ਪੰਜਾਬ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਲਈ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੋ ਦਿਨਾਂ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਟ੍ਰੇਨਿੰਗ ਦੇ ਪਹਿਲੇ ਦਿਨ ਹੋਏ ਦੋ ਸੈਸ਼ਨਾਂ ਵਿੱਚ ਸੂਬਾ ਪੱਧਰੀ ਮਾਸਟਰ ਟ੍ਰੇਨਰਾਂ ਵੱਲੋਂ ਨਾਮਜ਼ਦਗੀ ਪ੍ਰਕਿਰਿਆ, ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ, ਵਲਨਰਬਿਲਟੀ ਮੈਪਿੰਗ, ਪੋਲਿੰਗ ਪਾਰਟੀ ਤੇ ਪੋਲ ਡੇ ਪ੍ਰਬੰਧਾਂ ਬਾਰੇ ਸਿਖਲਾਈ ਦਿੱਤੀ ਗਈ। ਸਵੇਰ ਦੇ ਸੈਸ਼ਨ ਦੌਰਾਨ ਸੂਬਾ ਪੱਧਰੀ ਮਾਸਟਰ ਟ੍ਰੇਨਰਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਟੀ.ਬੇਨਿਥ ਅਤੇ ਐਸ.ਡੀ.ਐਮ. ਧਰਮਕੋਟ ਡਾ. ਚਾਰੂਮਿਤਾ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਅਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਨੂੰ ਨਾਮਜ਼ਦਗੀ ਪ੍ਰਕਿਰਿਆ ਸਬੰਧੀ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ। ਇਸੇ ਤਰ੍ਹਾਂ ਸ਼ਾਮ ਦੇ ਸੈਸ਼ਨ ਦੌਰਾਨ ਸੂਬਾ ਪੱਧਰੀ ਮਾਸਟਰ ਟ੍ਰੇਨਰਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਾਜ਼ਿਲਕਾ ਸੰਦੀਪ ਕੁਮਾਰ ਅਤੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੰਦੀਪ ਰਿਸ਼ੀ ਨੇ ਜ਼ਿਲ੍ਹਾ ਚੋਣ ਮੈਨੇਜਮੈਂਟ ਯੋਜਨਾ, ਵਲਨਰਬਿਲਟੀ ਮੈਪਿੰਗ ਅਤੇ ਪੋਲਿੰਗ ਪਾਰਟੀ ਤੇ ਪੋਲ ਡੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ 10 ਮਈ 2023 ਨੂੰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਲਈ ਜ਼ਿਲ੍ਹੇ ਦੇ 1972 ਪੋਲਿੰਗ ਬੂਥਾਂ ’ਤੇ ਵੋਟਾਂ ਪੈਣਗੀਆਂ, ਜਿਸ ਦੇ ਲਈ 13 ਅਪ੍ਰੈਲ ਤੋਂ 20 ਅਪ੍ਰੈਲ ਤੱਕ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ। ਜਦਕਿ 21 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 24 ਅਪ੍ਰੈਲ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਇਸ ਮੌਕੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰ, ਵਿਧਾਨ ਸਭਾ ਪੱਧਰੀ ਮਾਸਟਰ ਟ੍ਰੇਨਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਵੀ ਮੌਜੂਦ ਸਨ।