ਬਾਬਾ ਸਾਹਿਬ ਨੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜ਼ਾ ਸੰਵਿਧਾਨ ਵਿੱਚ ਦਰਜ਼ ਕਰਕੇ ਦਿਵਾਇਆ-ਮਾਨ
ਸੜੋਆ,16 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ ):- ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਬੀ ਆਰ ਅੰਬੇਡਕਰ ਜੀ ਦਾ 132 ਵਾਂ ਜਨਮ ਦਿਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ(ਰਜਿ) ਵਲੋਂ ਪਿੰਡ ਹਿਆਤਪੁਰ ਸਿੰਘਾਂ ਦੇ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਸਾਹਿਬ ਵਿਖੇ ਪਿੰਡ ਦੇ ਸਹਿਯੋਗ ਨਾਲ ਮਨਾਇਆ ਗਿਆ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਾਜਰ ਰਾਮ ਮਾਨ,ਪ੍ਰੋਫੈਸਰ ਵਰਿੰਦਰ ਕੁਮਾਰ ਵਿਛੋੜੀ,ਲੈਕਚਰਾਰ ਜਗਮੋਹਨ ਨੌਰਦ, ਮਾਸਟਰ ਗੁਰਦਿਆਲ ਮਾਨ ਅਤੇ ਜੁਝਾਰ ਸਿੰਘ ਪ੍ਰਧਾਨ ਸਿੰਘ ਸਭਾ ਗੁਰਦਵਾਰਾ ਸਾਹਿਬ ਨੇ ਬੋਲਦਿਆ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸੰਘਰਸ਼ ਮਈ ਅਤੇ ਮੁਸੀਬਤਾਂ ਭਰਿਆਂ ਰਿਹਾ। ਉਨ੍ਹਾਂ ਦਾ ਜਨਮ ਦਲਿਤ ਅਤੇ ਪੱਛੜੇ ਸਮਾਜ ਵਿੱਚ ਹੋਣ ਕਰਕੇ ਉਨ੍ਹਾਂ ਨੂੰ ਪੈਰ-ਪੈਰ ਉੱਤੇ ਛੂਆਛਾਤ ਅਤੇ ਨਰਕ ਭਰੀ ਜਿੰਦਗੀ ਦਾ ਸਾਹਮਣਾ ਕਰਨਾ ਪਿਆ। ਸਕੂਲ ਵਿੱਚ ਉਨ੍ਹਾਂ ਨੂੰ ਧੁੱਪ ਅਤੇ ਮੀਂਹ ਵਿੱਚ ਸਵਰਨ ਜਾਤੀ ਦੇ ਬੱਚਿਆਂ ਤੋਂ ਦੂਰ ਜਮਾਤ ਦੇ ਬਾਹਰ ਰੱਖਿਆ ਜਾਂਦਾ ਸੀ। ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀ ਹਾਰੀ । ਆਪਣੀ ਪੜ੍ਹਾਈ ਲਗਾਤਾਰ ਜਾਰੀ ਰੱਖੀ ਅਤੇ ਦੁਨੀਆਂ ਦੇ ਸਬ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਬਣੇ। ਉਨ੍ਹਾਂ ਨੇ ਛੋਟੇ ਹੁੰਦਿਆ ਹੀ ਇਹ ਸੋਚ ਲਿਆ ਸੀ ਕਿ ਉਹ ਛੂਆਛਾਤ ਦਾ ਖਾਤਮਾ ਕਰਕੇ ਹੀ ਦਮ ਲੈਣਗੇ। ਇਸ ਲਈ ਜਦੋ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਅਤੇ ਛੂਆਛਾਤ ਦੇ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ।ਇਸ ਦੇ ਨਾਲ ਹੀ ਨਾਰੀ ਜਾਤੀ ਦੇ ਉਥਾਨ ਲਈ ਉਨ੍ਹਾਂ ਨੂੰ ਸੰਵਿਧਾਨਿਕ ਤੌਰ ਤੇ ਵੋਟ ਅਤੇ ਮਰਦ ਦੇ ਬਰਾਬਰ ਦਾ ਅਧਿਕਾਰ ਦਿੱਤਾ। ਇਸ ਮੌਕੇ ਮਾਸਟਰ ਬਲਵਿੰਦਰ ਨਾਨੋਵਾਲ,ਰਾਮ ਲਾਲ ਹੈੱਡ ਟੀਚਰ ਚੂਹੜਪੁਰ ਵਲੋਂ ਵਲੋਂ ਸੰਗਤਾਂ ਨੂੰ ਬਾਬਾ ਸਾਹਿਬ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਕੀਤੀ ਪੜ੍ਹਾਈ ਵਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਮਾਪਿਆਂ ਨੂੰ ਬਾਬਾ ਸਾਹਿਬ ਦਾ ਸੁਪਨਾ ਸਾਕਾਰ ਕਰਨ ਲਈ ਕਿਹਾ ਕਿ ਆਪ ਇੱਕ ਡੰਗ ਦੀ ਰੋਟੀ ਘੱਟ ਖਾ ਲਵੋ ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਅਤੇ ਦੂਜਿਆਂ ਦੇ ਕਾਬਲ ਬਣਾਓ। ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਦਿਨ ਰਾਤ ਮਿਹਨਤ ਕਰਕੇ ਲਿਖਿਆ। ਜਿਸ ਦੇ ਸਿਰ ਉੱਤੇ ਅੱਜ ਪੂਰੇ ਭਾਰਤ ਦਾ ਪ੍ਰਸ਼ਾਸ਼ਨਿਕ ਢਾਂਚਾ ਚੱਲ ਰਿਹਾ ਹੈ। ਉਨ੍ਹਾਂ ਦੀ ਲਿਆਕਤ ਨੂੰ ਦੇਖਦੇ ਹੋਏ ਕੋਲੰਬੀਆ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ “ਸਿੰਬਲ ਆਫ਼ ਨੋਲਜ਼” ਦਾ ਖਿਤਾਬ ਦਿੱਤਾ ਗਿਆ ਹੈ। ਪਿੰਡ ਦੀ ਸਰਪੰਚ ਬਲਜੀਤ ਕੌਰ ਵਲੋਂ ਸੁਸਾਇਟੀ ਮੈਬਰਾਂ ਦੇ ਇਸ ਵਧੀਆਂ ਕਾਰਜ ਅਤੇ ਉਪਰਾਲੇ ਦੀ ਪ੍ਰਸ਼ੰਸ਼ਾ ਦੇ ਨਾਲ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ਸੁਸਾਇਟੀ ਮੈਬਰਾਂ ਵਲੋਂ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਅਤੇ ਇਸਤਰੀ ਵਰਗ ਨੂੰ ਸਨਮਾਨਿਤ ਵੀ ਕੀਤਾ ਗਿਆ।। ਸੁਸਾਇਟੀ ਮੈਬਰਾਂ ਅਤੇ ਪਿੰਡ ਦੀ ਸਮੁੱਚੀ ਸੰਗਤ ਵਲੋਂ ਬਾਬਾ ਸਾਹਿਬ ਨੂੰ ਸਰਧਾ ਸੁਮਨ ਵੀ ਭੇਂਟ ਕੀਤੇ ਗਏ।ਇਸ ਮੌਕੇ ਸੰਗਤਾਂ ਲਈ ਚਾਹ-ਮਠਿਆਈ ਦੇ ਲੰਗਰ ਵੀ ਲਗਾਏ ਗਏ।। ਇਸ ਮੌਕੇ ਤੇਲੂ ਰਾਮ ਸਰਪੰਚ ਛਦੌੜੀ,ਰਾਜ ਕੁਮਾਰ ਮਾਲੇਵਾਲ,ਲੈਕਚਰਾਰ ਰਜਿੰਦਰ ਕੁਮਾਰ ਨਵਾਂ ਸ਼ਹਿਰ,ਮਾਸਟਰ ਭੁਪਿੰਦਰ ਲਾਲ ਕੁਲਾਮ,ਮਾਸਟਰ ਜਗਦੀਸ਼ ਰਾਮ ਜੱਟਪੁਰ,ਵਿਜੈ ਕੁਮਾਰ,ਹਰਭਜਨ ਸਿੰਘ,ਭੁਪਿੰਦਰ ਕੌਰ ਨੰਬਰਦਾਰ,ਗੁਰਮੇਲ ਸਿੰਘ ਮਾਨ,ਮਨਜਿੰਦਰ ਸਿੰਘ ਪੰਚ,ਲਖਵੀਰ ਭੱਟੀ,ਨਿਰਮਲ ਸਿੰਘ ਜਰਮਨ ਵਾਸੀ,ਕੇਹਰ ਚੰਦ ਮਾਨ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ, ਹਰਭਜਨ ਮਾਨ ,ਵਿੱਕੀ ਸਿਮਰਨ ਸੈਂਨਟਰੀ ਸਟੋਰ,ਸਤਨਾਮ ਸਿੰਘ ਮਾਨ,ਜੱਸਾ ਮਾਨ,ਮੀਨਾ ਕੁਮਾਰੀ,ਜਸਵਿੰਦਰ ਕੌਰ,ਬਵਲੀਨ ਮਾਨ,ਬਲਵਿੰਦਰ ਕੌਰ,ਪ੍ਰਵੀਨ ਕੁਮਾਰੀ ਅਤੇ ਰਾਜਵਿੰਦਰ ਕੌਰ ਆਦਿ ਹਾਜਰ ਸਨ।
ਕੈਪਸ਼ਨ: ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਮੈਂਬਰ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ।