ਪਹਿਲਾਂ ਸੰਗਰੂਰ ਤੇ ਹੁਣ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਬਕ ਸਿਖਾਉਣ ਲਈ ਤਿਆਰ: ਅਨੁਰਾਗ ਠਾਕੁਰ
ਜਲੰਧਰ, 6 ਮਈ : (ਸੁਨੀਲ ਕੁਮਾਰ ) : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਸਾਬਕਾ ਮੇਅਰ ਅਤੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਦੀ ਪ੍ਰਧਾਨਗੀ ਹੇਠ ਹਿਮਾਚਲ ਸਭਾ ਦੇ ਵਲੋਂ ਭਾਜਪਾ ਪੰਜਾਬ ਵੱਲੋਂ ਜਲੰਧਰ ਲੋਕ ਸਭਾ ਜਿਮਣੀ ਚੋਣ ਨੂੰ ਲੈ ਕੇ ਇੱਕ ਵੱਡਾ ਜਲਸਾ ਸਥਾਨਕ ਰਿਜ਼ੋਰਟ ਵਿਖੇ ਕੀਤਾ ਗਿਆ, ਜਿਸ ਵਿੱਚ ਕੇਂਦਰੀ ਖੇਡ, ਯੁਵਾ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਲੋਕਾਂ ‘ਚ ਅਨੁਰਾਗ ਠਾਕੁਰ ਨਾਲ ਸੈਲਫੀ ਲੈਣ ਦੀ ਲਾਲਸਾ ਸਾਫ ਦਿਖਾਈ ਦੇ ਰਹੀ ਸੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਵਰਿੰਦਰ ਕੰਵਰ, ਤੀਕਸ਼ਣ ਸੂਦ, ਮਨੋਰੰਜਨ ਕਾਲੀਆ ਆਦਿ ਵੀ ਹਾਜ਼ਰ ਸਨ।
ਅਨੁਰਾਗ ਠਾਕੁਰ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ਵਿੱਚ ਵੀ ਬੁਰਾ ਹਾਲ ਹੈ, ਜਿਸ ਕਾਰਨ ਕਿਸੇ ਵੀ ਸੂਬੇ ਦੇ ਲੋਕ ਉਨ੍ਹਾਂ ਦੇ ਝੂਠ ‘ਤੇ ਯਕੀਨ ਨਹੀਂ ਕਰ ਰਹੇ। ਇਸ ਤੋਂ ਸਪੱਸ਼ਟ ਹੈ ਕਿ ਜਨਤਾ ਇਨ੍ਹਾਂ ਦੇ ਝੂਠ ਦੀ ਸੱਚਾਈ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੀ ਹੈ। ਪੰਜਾਬ ਦੇ ਲੋਕਾਂ ਨੇ ਵੀ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਦੇ ਕੇ ਪੰਜਾਬ ਦੀ ਸੱਤਾ ਇਹਨਾਂ ਨੂੰ ਸੋੰਪੀ ਅਤੇ ਤਿੰਨ ਮਹੀਨਿਆਂ ਵਿੱਚ ਹੀ ਆਮ ਆਦਮੀ ਪਾਰਟੀ ਦੇ ਅਸਲੀ ਚਿਹਰੇ ਨੂੰ ਪਛਾਣ ਲਿਆ ਅਤੇ ਸੰਗਰੂਰ ਲੋਕ ਸਭਾ ਉਪ ਚੋਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਸੀਟ ਤੋਂ ‘ਆਪ’ ਦੇ ਉਮੀਦਵਾਰ ਨੂੰ ਹਰਾ ਕੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਅਤੇ ਹੁਣ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਵੀ ਆਪ ਉਮੀਦਵਾਰ ਨੂੰ ਹਰਾ ਕੇ ਜਨਤਾ ਨੇ ਇੱਕ ਵਾਰ ਫਿਰ ਭ੍ਰਿਸ਼ਟਾਚਾਰ ਅਤੇ ਅਰਾਜਕਤਾ ਫੈਲਾਉਣ ਵਾਲੀ ਆਮ ਆਦਮੀ ਪਾਰਟੀ ਦਾ ਚਿਹਰਾ ਪੰਜਾਬ ਸਮੇਤ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਕਰਨ ਦਾ ਫੈਸਲਾ ਕੀਤਾ ਹੋਇਆ ਹੈ।
ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਸਮੇਤ ਜਲੰਧਰ ਦੀ ਜਨਤਾ ਭਾਜਪਾ ਸ਼ਾਸਿਤ ਵਿਕਸਤ ਰਾਜਾਂ ਵਾਂਗ ਹੁਣ ਜਲੰਧਰ ਲੋਕ ਸਭਾ ਅਤੇ ਪੰਜਾਬ ਦਾ ਵਿਕਾਸ ਚਾਹੁੰਦੀ ਹੈ ਅਤੇ ਇਸ ਲਈ ਉਨ੍ਹਾਂ ਨੇ ਪੰਜਾਬ ਦੀ ਭਵਿੱਖੀ ਸੱਤਾ ਭਾਰਤੀ ਜਨਤਾ ਪਾਰਟੀ ਨੂੰ ਸੌਂਪਣ ਦਾ ਮਨ ਬਣਾ ਲਿਆ ਹੈ ਅਤੇ ਇਸਦੀ ਸ਼ੁਰੁਆਤ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜੇਤੂ ਬਣਾ ਕੇ ਲੋਕ ਸਭਾ ‘ਚ ਭੇਜ ਕੇ ਕਰਨਗੇ, ਜਿਸ ਦਾ ਹਾਜ਼ਰ ਲੋਕਾਂ ਨੇ ਜੈਘੋਸ਼ ਦੇ ਨਾਅਰਿਆਂ ਨਾਲ ਹੱਥ ਚੁੱਕ ਕੇ ਸਮਰਥਨ ਕੀਤਾ।
ਇਸ ਮੌਕੇ ਡਾ: ਕੁਲਬੀਰ ਬਨਿਆਲ, ਸੰਜੀਵ ਮਿੰਟੂ, ਦਵਿੰਦਰ ਮਿੰਟੂ, ਰਾਜ ਕੁਮਾਰ ਰਾਣਾ, ਸ਼ਾਮ ਠਾਕੁਰ, ਤੇਜਪਾਲ, ਰਵੀ, ਬਾਲ ਕਿਸ਼ਨ, ਸਤਪਾਲ ਸ਼ਰਮਾ, ਰਾਮ ਪ੍ਰਕਾਸ਼, ਤਾਰਾ ਸਿੰਘ, ਮਦਨ ਲਾਲ, ਮੰਜੂ ਜੈਸਵਾਲ, ਕਿਰਨ ਜੈਸਵਾਲ, ਵੀਨਾ ਡੋਗਰਾ, ਡਾ. ਰਿਤੂ ਸ਼ਰਮਾ, ਅਨੁ ਸ਼ਰਮਾ, ਰਿਸ਼ਭ ਸ਼ਰਮਾ, ਮੋਹਿਤ ਆਦਿ ਸਮੇਤ ਸੈਂਕੜੇ ਲੋਕ ਹਾਜ਼ਰ ਸਨ।